ਪੱਤਰ ਪ੍ਰੇਰਕ
ਰਤੀਆ, 6 ਅਕਤੂਬਰ
ਅਨਾਜ ਮੰਡੀ ਵਿੱਚ ਪਰਮਲ ਝੋਨੇ ਦੀ ਸਰਕਾਰੀ ਖਰੀਦ ਮਾਰਕੀਟ ਕਮੇਟੀ ਦੇ ਜ਼ਿਲ੍ਹਾ ਅਧਿਕਾਰੀ ਰਾਹੁਲ ਕੁੰਡੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮਾਰਕੀਟ ਕਮੇਟੀ ਜ਼ਿਲ੍ਹਾ ਅਧਿਕਾਰੀ ਰਾਹੁਲ ਕੁੰਡੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫ਼ਸਲ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਕਟਵਾਉਣ ਅਤੇ ਆਪਣੇ ਝੋਨੇ ਨੂੰ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ ਤਾਂ ਕਿ ਕਿਸਾਨਾਂ ਨੂੰ ਝੋਨਾ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮਾਰਕੀਟ ਕਮੇਟੀ ਦੇ ਸਕੱਤਰ ਮੇਜਰ ਸਿੰਘ ਨੇ ਕਿਹਾ ਕਿ ਝੋਨਾ ਲਾਉਂਦੇ ਸਮੇਂ ਕਿਸਾਨ ਗੇਟ ’ਤੇ ਆਪਣੇ ਅਧਾਰ ਕਾਰਡ ਅਤੇ ‘ਮੇਰਾ ਫ਼ਸਲ ਮੇਰਾ ਬਿਓਰਾ’ ਪੋਰਟਲ ’ਤੇ ਦਰਜ ਪੰਜੀਕਰਨ ਦੀ ਕਾਪੀ ਨਾਲ ਲੈ ਕੇ ਆਉਣ ਅਤੇ ਗੇਟ ਪਾਸ ਕਰਵਾ ਕੇ ਹੀ ਆਪਣੇ ਆੜ੍ਹਤੀ ਕੋਲ ਫਸਲ ਨੂੰ ਲੈ ਕੇ ਜਾਣ। ਅੱਜ ਹਰਿਆਣਾ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਲੋਂ 17 ਪ੍ਰਤੀਸ਼ਤ ਨਮੀ ਤੱਕ ਦੇ ਪਰਮਲ ਝੋਨੇ ਦੀ ਖਰੀਦ ਕੀਤੀ ਗਈ। ਇਸ ਮੌਕੇ ਖਰੀਦ ਅਧਿਕਾਰੀ ਸੋਮਵੀਰ ਤੋਂ ਇਲਾਵਾ ਅਨਾਜ ਮੰਡੀ ਦੇ ਆੜ੍ਹਤੀ ਰਾਜੂ ਲਾਲੀ, ਸ਼ਿਵ ਸੋਨੀ, ਸੋਨੂੰ ਜਿੰਦਲ, ਅਮਨ ਜੈਨ, ਸੁਖਪਾਲ ਮਹਿਮਦਕੀ, ਰਾਧੇ ਸ਼ਾਮ, ਅੰਕੁਸ਼ ਗਰਗ, ਤਰਸੇਮ ਚੰਦ, ਕਿਸ਼ਨ ਸੈਨੀ, ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਸਮੇਤ ਸਹਿ ਸਕੱਤਰ ਨਿਸ਼ਾਂਤ ਕੁਮਾਰ, ਨਰੇਸ਼ ਕੁਮਾਰ ਕੰਪਿਊਟਰ ਅਪਰੇਟਰ, ਵਿਕਰਮ ਏ.ਆਰ ਸਮੇਤ ਹੋਰ ਵਪਾਰੀ ਹਾਜ਼ਰ ਸਨ।
ਫ਼ਸਲ ਦਾ ਇੱਕ-ਇਕ ਦਾਣਾ ਸਮਰਥਨ ਮੁੱਲ ’ਤੇ ਖਰੀਦਿਆ ਜਾਵੇਗਾ: ਵਿਧਾਇਕ ਨਾਪਾ
ਰਤੀਆ (ਪੱਤਰ ਪ੍ਰੇਰਕ): ਵਿਧਾਇਕ ਲਛਮਣ ਨਾਪਾ ਨੇ ਸਥਾਨਕ ਪੀਡਬਲਯੂਡੀ ਰੈਸਟ ਹਾਊਸ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਅਨਾਜ ਮੰਡੀ ਵਿੱਚ ਝੋਨਾ ਖ਼ਰੀਦਣ ਦੇ ਕੰਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਸਮਰਥਨ ਮੁੱਲ ’ਤੇ ਖ਼ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਝੋਨਾ ਖਰੀਦ ਏਜੰਸੀਆਂ ਨੂੰ ਖ਼ਰੀਦ ਵਿੱਚ ਲਾਪ੍ਰਵਾਹੀ ਨਾ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਕਿਸੇ ਵੀ ਕਿਸਾਨ, ਆੜ੍ਹਤੀ ਅਤੇ ਰਾਈਸ ਮਿਲਰਜ਼ ਨੂੰ ਜੀਰੀ ਸੀਜ਼ਨ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਝੋਨਾ ਖਰੀਦ ਦੇ ਪੁਖ਼ਤਾ ਪ੍ਰਬੰਧ ਅਤੇ ਵਿਵਸਥਾਵਾਂ ਸੁਨਿਸ਼ਚਤ ਕਰਨ ਅਤੇ ਬਿਜਲੀ, ਪਾਣੀ ਅਤੇ ਪਖਾਨਿਆਂ ਦੀ ਸਾਫ ਸਫਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਲਛਮਣ ਨਾਪਾ ਨੇ ਜਗਵਿੰਦਰ ਸਿੰਘ ਦੰਦੀਵਾਲ ਨੂੰ ਗ੍ਰਾਮੀਣ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ ਤੇ ਸ਼ੁਭਕਾਮਨਾ ਦਿੱਤੀ। ਇਸ ਦੌਰਾਨ ਐੱਸਡੀਐੱਮ ਰਾਜੇਸ਼ ਕੁਮਾਰ, ਡੀਐੱਫਐੱਸਸੀ ਵਿਨੀਤ ਜੈਨ, ਮਾਰਕੀਟ ਕਮੇਟੀ ਸਕੱਤਰ ਮੇਜਰ ਸਿੰਘ, ਰਾਜੇਸ਼ ਹੁੱਡਾ, ਵਪਾਰ ਮੰਡਲ ਪ੍ਰਧਾਨ ਰਾਜੂ ਲਾਲੀ, ਨਪਾ ਵਾਈਸ ਚੇਅਰਮੈਨ ਜੋਗਿੰਦਰ ਕੁਮਾਰ, ਨਗਰਪਾਲਿਕਾ ਐੱਮਈ ਸੁਮੇਰ ਸਿੰਘ, ਅਮਨ ਜੈਨ, ਸੋਨੂੰ ਜਿੰਦਲ, ਸ਼ਿਵ ਸੋਨੀ ਸਮੇਤ ਸਬੰਧਤ ਅਧਿਕਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।