ਪੱਤਰ ਪ੍ਰੇਰਕ
ਰਤੀਆ, 29 ਅਪਰੈਲ
ਇੱਥੋਂ ਦੇ ਪਿੰਡ ਜੱਲੋਪੁਰ ਦੇ ਇਕ ਘਰ ’ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਨਗਦੀ ਚੋਰੀ ਹੋਣ ਦੇ ਦੋਸ਼ ਹੇਠ ਅੱਜ ਪੁਲੀਸ ਨੇ ਪਿੰਡ ਦੇ ਹੀ ਦੋ ਨੌਜਵਾਨਾਂ ਸਤਪਾਲ ਉਰਫ ਜਵਰਾ ਅਤੇ ਵਿਸ਼ਨੂੰ ਰਾਮ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਰਜਿੰਦਰ ਕੌਰ ਨੇ ਦੱਸਿਆ ਸੀ ਕਿ ਬੀਤੀ 7 ਜਨਵਰੀ 2024 ਨੂੰ ਉਹ ਪਰਿਵਾਰ ਸਮੇਤ ਰਿਸ਼ਤੇਦਾਰੀ ਵਿਚ ਫਿਰੋਜ਼ਪੁਰ ਗਏ ਸਨ। ਦੋ ਦਿਨ ਬਾਅਦ ਘਰ ਪਹੁੰਚੇ ਤਾਂ ਗੇਟ ’ਤੇ ਤਾਲਾ ਲੱਗਿਆ ਹੋਇਆ ਸੀ ਜਦੋਂਕਿ ਅੰਦਰ ਤਾਲੇ ਟੁੱਟੇ ਹੋਏ ਸਨ। ਕਮਰੇ ਵਿਚ ਰੱਖੀ ਲੋਹੇ ਦੀ ਅਲਮਾਰੀ ਵੀ ਖੁੱਲ੍ਹੀ ਹੋਈ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ’ਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਨਗਦੀ ਗਾਇਬ ਸੀ। ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਚੋਰੀ ਨੂੰ ਪਿੰਡ ਦੇ ਸਤਪਾਲ ਉਰਫ ਜਵਰਾ ਤੇ ਵਿਸ਼ਨੂੰ ਰਾਮ ਨੇ ਹੀ ਅੰਜਾਮ ਦਿੱਤਾ ਹੈ।