ਜਗਤਾਰ ਸਮਾਲਸਰ
ਏਲਨਾਬਾਦ, 29 ਅਪਰੈਲ
ਹਲਕਾ ਸਿਰਸਾ ਤੋਂ ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਇੱਥੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਕੇ ਚੋਣਾਂ ਲਈ ਡਿਊਟੀਆਂ ਲਾਈਆਂ। ਉਨ੍ਹਾਂ ਆਖਿਆ ਕਿ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਨਿਆਂ ਦੀ ਅਨਿਆਂ ਅਤੇ ਜੁਮਲੇਬਾਜ਼ੀ ਖ਼ਿਲਾਫ਼ ਲੜਾਈ ਹੈ। ਦੇਸ਼ ਦੇ ਲੋਕਾਂ ਦੇ ਖਾਤਿਆਂ ਵਿੱਚ 15 ਲੱਖ ਰੁਪਏ ਆਉਣ, ਹਰ ਸਾਲ ਦੇਸ ਦੇ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ, ਫ਼ਸਲਾਂ ਦੇ ਭਾਅ ਦੁੱਗਣੇ ਕਰਨ ਦੇ ਵਾਅਦੇ ਕਰਨ ਵਾਲੀ ਭਾਜਪਾ ਨੇ ਜੁਮਲੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲੋਕਾਂ ਨੂੰ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਲੋਕਾਂ ਦੇ ਦੁੱਖ-ਦਰਦ ਵੰਡਾਉਣ ਲਈ 10 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਹੈ। ਇਸ ਮੌਕੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਸਾਬਕਾ ਵਿਧਾਇਕ ਭਰਤ ਸਿੰਘ ਬੈਨੀਵਾਲ, ਲਾਲ ਚੰਦ ਖੋਡ, ਪਵਨ ਬੈਨੀਵਾਲ, ਸੰਤੋਸ਼ ਬੈਨੀਵਾਲ, ਪੂਨਮ ਗੋਦਾਰਾ, ਰਾਮ ਸਿੰਘ ਸੋਲੰਕੀ ਤੇ ਕਰਨੈਲ ਸਿੰਘ ਨੇ ਵੀ ਸੰਬੋਧਨ ਕਰਦਿਆਂ ਭਾਜਪਾ ਨੂੰ ਸੱਤਾ ਤੋਂ ਦੂਰ ਕਰਨ ਦਾ ਸੱਦਾ ਦਿੱਤਾ।
ਚੋਣ ਦਫ਼ਤਰ ਦਾ ਉਦਘਾਟਨ
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ‘ਕਾਂਗਰਸ ਦੀਆਂ 25 ਗਾਰੰਟੀਆਂ ਦਾ ਲਾਭ ਸਾਰੇ ਵਰਗਾਂ ਨੂੰ ਹੋਵੇਗਾ।’ ਇਹ ਗੱਲ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ, ਸਾਬਕਾ ਕੇਂਦਰੀ ਮੰਤਰੀ ਅਤੇ ਸਿਰਸਾ ਸੀਟ ਤੋਂ ਕਾਂਗਰਸ (ਇੰਡੀਆ ਅਲਾਇੰਸ) ਦੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਸਾਲਾਸਰ ਧਰਮਸ਼ਾਲਾ ਵਿੱਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਵਿਧਾਇਕ ਪ੍ਰਦੀਪ ਚੌਧਰੀ, ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਬਿਸ਼ਨੋਈ, ਵਿਧਾਇਕ ਰੇਣੂ ਬਾਲਾ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਮੋਦੀ ਸਰਕਾਰ ਜਨਤਾ ਨੂੰ ਮੁੱਦਿਆਂ ਤੋਂ ਭਟਕਾ ਰਹੀ ਹੈ ਜਦੋਂਕਿ ਰਾਹੁਲ ਗਾਂਧੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲੜ ਰਹੇ ਹਨ। ਇਸ ਤੋਂ ਪਹਿਲਾਂ ਕਈ ਕਾਂਗਰਸੀ ਆਗੂਆਂ ਨੇ ਵਿਚਾਰ ਪ੍ਰਗਟ ਕੀਤੇ। ਇਸ ਮੀਟਿੰਗ ਤੋਂ ਬਾਅਦ ਕੁਮਾਰੀ ਸ਼ੈਲਜਾ ਨੇ ਖੁੱਲ੍ਹੀ ਜੀਪ ਵਿੱਚ ਮੰਡੀ ਕਾਲਾਂਵਾਲੀ ਵਿੱਚ ਰੋਡ ਸ਼ੋਅ ਕੀਤਾ ਅਤੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਸਿਰਸਾ ’ਚ ਰੋਡ ਸ਼ੋਅ ਕੱਢਿਆ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਸਿਰਸਾ ਤੋਂ ਕਾਂਗਰਸ ਦੀ ਉਮੀਦਵਾਰ ਤੇ ਪਾਰਟੀ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਅੱਜ ਦੇਰ ਸ਼ਾਮ ਸਿਰਸਾ ’ਚ ਰੋਡ ਸ਼ੋਅ ਕਰ ਕੇ ਲੋਕਾਂ ਨੂੰ ਵੋਟ ਦੀ ਅਪੀਲ ਕੀਤੀ। ਕੁਮਾਰੀ ਸ਼ੈਲਜਾ ਨੇ ਲੋਕਾਂ ਨੂੰ ਵੋਟਾਂ ਦੀ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਲੜਾਈ ਵਿਚਾਰਧਾਰਾ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪੰਜ ਨਿਆਂ ਦੀਆਂ 25 ਗਰੰਟੀਆਂ ਦਿੱਤੀਆਂ ਹਨ, ਜਿਸ ਦਾ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਹੋਵੇਗਾ।