ਜਨੇਵਾ, 5 ਅਕਤੂਬਰ
ਆਲਮੀ ਵਪਾਰ ਸੰਸਥਾ (ਡਬਲਿਊਟੀਓ) ਨੇ ਵਪਾਰ ਵਿਕਾਸ ਦੀ ਦਰ ਅਗਲੇ ਸਾਲ ਇਕ ਫ਼ੀਸਦੀ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਊਰਜਾ ਦੀਆਂ ਵਧ ਰਹੀਆਂ ਕੀਮਤਾਂ, ਵਧ ਰਹੀਆਂ ਵਿਆਜ ਦਰਾਂ ਅਤੇ ਚੀਨੀ ਉਤਪਾਦਨ ਬਾਰੇ ਬੇਯਕੀਨੀ ਦੇ ਮਾਹੌਲ ਕਾਰਨ ਵਪਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡਬਲਿਊਟੀਓ ਨੇ ਕਿਹਾ ਕਿ ਮੁਲਕਾਂ ’ਚ ਭੇਜੀਆਂ ਜਾਣ ਵਾਲੀਆਂ ਵਸਤਾਂ ਦੀ ਦਰ ਇਸ ਸਾਲ ਸਾਢੇ 3 ਫ਼ੀਸਦੀ ਵਧਣ ਦੀ ਸੰਭਾਵਨਾ ਹੈ ਜੋ ਅਪਰੈਲ ’ਚ ਕੀਤੀ ਗਈ ਤਿੰਨ ਫ਼ੀਸਦੀ ਦੀ ਪੇਸ਼ੀਨਗੋਈ ਨਾਲੋਂ ਜ਼ਿਆਦਾ ਹੈ। ਡਬਲਿਊਟੀਓ ਦੀ ਡਾਇਰੈਕਟਰ ਜਨਰਲ ਨਗੋਜ਼ੀ ਓਕੋਨਜੋ ਇਵੀਆਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਸਾਲ ਗਿਰਾਵਟ ਦਾ ਜੋਖ਼ਮ ਹੈ। ਉਨ੍ਹਾਂ ਕਿਹਾ ਕਿ ਆਲਮੀ ਅਰਥਚਾਰੇ ਨੂੰ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡਬਲਿਊਟੀਓ ਦੇ ਸੀਨੀਅਰ ਆਰਥਿਕ ਮਾਹਿਰ ਕੋਲਮੈਨ ਨੀ ਨੇ ਕਿਹਾ ਕਿ ਰੂਸ ਨੇ ਜਨਵਰੀ ਤੋਂ ਆਪਣੇ ਵਪਾਰ ਦੇ ਅੰਕੜੇ ਸਾਂਝੇ ਨਹੀਂ ਕੀਤੇ ਹਨ ਜਿਸ ਨਾਲ ਰੂਸੀ ਦਰਾਮਦ ਅਤੇ ਬਰਾਮਦ ਸਰਗਰਮੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਸਾਲ ਦੇ ਅੱਧ ’ਚ ਬਿਹਤਰ ਅੰਕੜੇ ਮਿਲਣ ਕਰਕੇ ਵਪਾਰ ’ਚ ਵਾਧੇ ਦੀ ਪੇਸ਼ੀਨਗੋਈ ਕੀਤੀ ਗਈ ਹੈ। ਉਧਰ ਰੂਸ ਤੋਂ ਤੇਲ ਅਤੇ ਗੈਸ ਦੀ ਸਪਲਾਈ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਮੱਧ ਪੂਰਬੀ ਮੁਲਕਾਂ ਤੋਂ ਇਸ ਖ਼ਰੀਦ ਕਾਰਨ ਅਜੇ ਹਾਲਾਤ ਠੀਕ ਬਣੇ ਹੋਏ ਹਨ। -ਏਪੀ