ਵਾਸ਼ਿੰਗਟਨ, 2 ਜੁਲਾਈ
ਅਮਰੀਕੀ ਢੋਆ ਢੁਆਈ ਵਿਭਾਗ ਅਜਿਹੀ ਯੋਜਨਾ ਬਣਾ ਰਿਹਾ ਜਿਸ ਤਹਿਤ ਏਅਰਲਾਈਨ (ਹਵਾਈ ਕੰਪਨੀ) ਵੱਲੋਂ ਯਾਤਰੀ ਦਾ ਸਾਮਾਨ ਪਹੁੰਚਾਉਣ ’ਤੇ ਦੇਰੀ ਹੋਣ ’ਤੇ ਯਾਤਰੀ ਵੱਲੋਂ ਦਿੱਤੀ ਫ਼ੀਸ ਵਾਪਸ ਕੀਤੀ ਜਾਵੇਗੀ।
ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਅਗਲੇ ਕੁਝ ਦਿਨਾਂ ਵਿੱਚ ਇੱਕ ਪ੍ਰਸਤਾਵ ਜਾਰੀ ਕਰੇਗੀ, ਇਹ ਅਗਲੀਆਂ ਗਰਮੀਆਂ ’ਚ ਲਾਗੂ ਹੋ ਸਕਦਾ ਹੈ। ਪ੍ਰਸਤਾਵ ਮੁਤਾਬਕ ਜੇਕਰ ਏਅਰਲਾਈਨ ਅਮਰੀਕੀ ਉਡਾਣ ਦੇ ਯਾਤਰੀਆਂ ਨੂੰ ਉਡਾਣ ਉੱਤਰਨ ਦੇ 12 ਘੰਟਿਆਂ ਅਤੇ ਕੌਮਾਂਤਰੀ ਉਡਾਣ ਦੇ ਯਾਤਰੀਆਂ ਨੂੰ 25 ਘੰਟਿਆਂ ਦੇ ਅੰਦਰ ਉਨ੍ਹਾਂ ਦਾ ਸਾਮਾਨ ਪਹੁੰਚਾਉਣ ’ਚ ਫ਼ੇਲ੍ਹ ਹੁੰਦੀ ਹੈ ਤਾਂ ਉਸ ਨੂੰ ਇਸ ਸਬੰਧੀ ਵਸੂਲੀ ਫ਼ੀਸ ਵਾਪਸ ਕਰਨੀ ਪਵੇਗੀ। ਮੌਜੂਦਾ ਨਿਯਮਾਂ ਮੁਤਾਬਕ ਸਿਰਫ਼ ਸਾਮਾਨ ਗੁਆਚਣ ’ਤੇ ਹੀ ਫ਼ੀਸ ਮੋੜਨ ਦਾ ਪ੍ਰਬੰਧ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਇੱਕ ਲੱਖ ਤੋਂ ਵੱਧ ਯਾਤਰੀਆਂ ਨੇ ਸਰਕਾਰ ਨੂੰ ਹਵਾਈ ਸੇਵਾਵਾਂ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ। -ਏਪੀ