ਵਾਸ਼ਿੰਗਟਨ, 24 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਗਠਿਤ ਇਕ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਮਰੀਕੀ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਇਕ ਮਿਆਰਬੰਦ ਵਰਦੀ ਨੀਤੀ ਅਪਨਾਉਣੀ ਚਾਹੀਦੀ ਹੈ ਜੋ ਸੈਨਿਕਾਂ ਨੂੰ ਦਸਤਾਰ ਸਜਾਉਣ, ਦਾਹੜੀ ਰੱਖਣ, ਹਿਜਾਬ ਤੇ ਟੋਪੀ ਪਹਿਨਣ ਜਿਹੀਆਂ ਆਪਣੇ ਧਾਰਮਿਕ ਰੀਤਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੰਦੀ ਹੋਵੇ। ਏਸ਼ਿਆਈ ਅਮਰੀਕੀ, ਹਵਾਈ ਦੇ ਮੂਲ ਨਿਵਾਸੀ ਤੇ ਪ੍ਰਸ਼ਾਂਤ ਦੀਪ ਸਮੂਹ ਵਿਚ ਰਹਿਣ ਵਾਲੇ ਵੱਖ-ਵੱਖ ਧਾਰਮਿਕ ਫ਼ਿਰਕਿਆਂ ਦੇ ਲੋਕਾਂ ਉਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਸ਼ੁੱਕਰਵਾਰ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ 12 ਮਈ ਨੂੰ ਮਨਜ਼ੂਰ ਕੀਤੀਆਂ ਗਈਆਂ ਸਿਫ਼ਾਰਿਸ਼ਾਂ ਦਾ ਵੇਰਵਾ ਦਿੱਤਾ ਗਿਆ ਹੈ।
ਦਰਅਸਲ ਅਮਰੀਕੀ ਸੈਨਾ ਦੇ 1981 ਵਿਚ ਜਾਰੀ ਵਰਦੀ ਸਬੰਧੀ ਦਿਸ਼ਾ-ਨਿਰਦੇਸ਼ਾਂ ਤਹਿਤ ਸੈਨਿਕਾਂ ਦੇ ਦਸਤਾਰ ਸਜਾਉਣ, ਦਾਹੜੀ ਰੱਖਣ, ਹਿਜਾਬ ਤੇ ਯਹੂਦੀ ਪੁਰਸ਼ਾਂ ਵੱਲੋਂ ਪਹਿਨੀ ਜਾਣ ਵਾਲੀ ਵਿਸ਼ੇਸ਼ ਟੋਪੀ ਪਹਿਨਣ ਉਤੇ ਰੋਕ ਲਾ ਦਿੱਤੀ ਗਈ ਸੀ। ਪਰ ਅਮਰੀਕੀ ਥਲ ਸੈਨਾ ਤੇ ਹਵਾਈ ਸੈਨਾ ਨੇ 2017 ਤੇ 2020 ਵਿਚ ਆਪਣੀ ਵਰਦੀ ਨੀਤੀ ਵਿਚ ਬਦਲਾਅ ਕਰਦਿਆਂ ਸੈਨਿਕਾਂ ਨੂੰ ਆਪੋ-ਆਪਣੀ ਧਾਰਮਿਕ ਆਸਥਾ ਦੀਆਂ ਚੀਜ਼ਾਂ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਸੀ। ਰਾਸ਼ਟਰਪਤੀ ਵੱਲੋਂ ਗਠਿਤ ਕਮਿਸ਼ਨ ਨੇ ਕਿਹਾ, ‘ਹੁਣ ਸੈਂਕੜੇ ਸੈਨਿਕ ਵਰਤਮਾਨ ਵਿਚ ਅਮਰੀਕੀ ਥਲ ਤੇ ਹਵਾਈ ਸੈਨਾ ਵਿਚ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਦਿਆਂ ਨੌਕਰੀ ਕਰ ਸਕਦੇ ਹਨ।’
ਕਮਿਸ਼ਨ ਨੇ ਕਿਹਾ, ‘ਪਰ ਅਮਰੀਕੀ ਜਲ ਸੈਨਾ ਨੇ ਸੈਨਿਕਾਂ ਨੂੰ ਸੀਮਤ ਦਾਇਰੇ ਤਹਿਤ ਹੀ ਆਪਣੀ ਧਾਰਮਿਕ ਆਸਥਾ ਦਾ ਪਾਲਣ ਕਰਨ ਦੀ ਇਜਾਜ਼ਤ ਦਿੱਤੀ ਹੈ। ਸਿੱਟੇ ਵਜੋਂ ਉਨ੍ਹਾਂ ਨੂੰ ਆਪਣੇ ਦੇਸ਼ ਦੀ ਸੇਵਾ ਕਰਨ ਲਈ ਆਪਣੀ ਧਾਰਮਿਕ ਮਾਨਤਾ ਦਾ ਉਲੰਘਣ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।’
ਕਮਿਸ਼ਨ ਨੇ ਕਿਹਾ ਕਿ ਸੈਨਾ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਧਾਰਮਿਕ ਵਿਸ਼ਵਾਸ ਨੂੰ ਮੰਨਣ ਦੀ ਇਜਾਜ਼ਤ ਦੇਣ ਵਿੱਚ ਪ੍ਰਕਿਰਿਆ ਅਤੇ ਨੀਤੀ ਵਿਚ ਫ਼ਰਕ ਹੈ। -ਪੀਟੀਆਈ
ਅਫ਼ਗਾਨਿਸਤਾਨ ਦਾ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ
ਵਾਸ਼ਿੰਗਟਨ: ਕਾਬੁਲ ਦੀ ਹਕੂਮਤ ਤਾਲਿਬਾਨ ਦੇ ਹੱਥਾਂ ’ਚ ਜਾਣ ਦੇ ਇਕ ਸਾਲ ਤੋਂ ਵਧ ਸਮੇਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਅਫ਼ਗਾਨਿਸਤਾਨ ਦਾ ਪ੍ਰਮੁੱਖ ਗ਼ੈਰ-ਨਾਟੋ ਸਹਿਯੋਗੀ ਦਾ ਦਰਜਾ ਖ਼ਤਮ ਕਰ ਦਿੱਤਾ ਹੈ। ਅਮਰੀਕਾ ਨੇ 2012 ’ਚ ਅਫ਼ਗਾਨਿਸਤਾਨ ਨੂੰ ਇਹ ਦਰਜਾ ਦਿੱਤਾ ਸੀ ਜਿਸ ਰਾਹੀਂ ਦੋਵੇਂ ਮੁਲਕਾਂ ਵਿਚਕਾਰ ਰੱਖਿਆ ਅਤੇ ਆਰਥਿਕ ਸਬੰਧ ਕਾਇਮ ਸਨ। ਇਸ ਦਰਜੇ ਕਾਰਨ ਅਫ਼ਗਾਨਿਸਤਾਨ ਨੂੰ ਰੱਖਿਆ ਅਤੇ ਸੁਰੱਖਿਆ ਸਬੰਧੀ ਬਹੁਤ ਸਾਰੀ ਸਹਾਇਤਾ ਅਤੇ ਸਹੂਲਤਾਂ ਹਾਸਲ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਅਮਰੀਕਾ ਦੇ 18 ਪ੍ਰਮੁੱਖ ਗ਼ੈਰ-ਨਾਟੋ ਸਹਿਯੋਗ ਰਹਿ ਗਏ ਹਨ। -ਪੀਟੀਆਈ