ਨਿਊਯਾਰਕ, 14 ਸਤੰਬਰ
ਆਸਟਰੀਆ ਦੇ ਡੌਮੀਨਿਕ ਥੀਮ ਨੇ ਦੋ ਸੈੱਟ ਹਾਰਨ ਤੋਂ ਬਾਅਦ ਪੰਜਵੇਂ ਸੈੱਟ ਵਿੱਚ ਟਾਈਬਰੇਕਰ ’ਚ ਜਰਮਨੀ ਦੇ ਅਲੈਗਜ਼ੈਂਡਰ ਜ਼ੈਰੇਵ ਨੂੰ ਹਰਾ ਕੇ ਯੂਐੱਸ ਓਪਨ ਪੁਰਸ਼ ਸਿੰਗਲਜ਼ ਖ਼ਿਤਾਬ ਜਿੱਤ ਲਿਆ ਅਤੇ ਦੋ ਸੈੱਟ ਹਾਰ ਕੇ ਵਾਪਸੀ ਕਰਨ ਵਾਲਾ ਉਹ 71 ਸਾਲਾਂ ਵਿੱਚ ਪਹਿਲਾ ਖਿਡਾਰੀ ਬਣ ਗਿਆ।
ਦਰਸ਼ਕਾਂ ਤੋਂ ਬਿਨਾਂ ਆਰਥਰ ਐਸ਼ੇ ਸਟੇਡੀਅਮ ਵਿੱਚ ਹਾਰ ਨੇੜੇ ਪਹੁੰਚੇ ਥੀਮ ਨੇ 2-6, 4-6, 6-4, 6-3, 7-6 ਨਾਲ ਜਿੱਤ ਦਰਜ ਕੀਤੀ। ਇਹ ਉਸ ਦਾ ਪਹਿਲਾ ਗਰੈਂਡਸਲੇਮ ਖ਼ਿਤਾਬ ਹੈ।
ਜਿੱਤ ਤੋਂ ਬਾਅਦ ਉਸ ਨੇ ਕਿਹਾ, ‘‘ਅੱਜ ਸ਼ਰੀਰ ’ਤੇ ਵਿਸ਼ਵਾਸ ਜਿੱਤ ਗਿਆ। ਮੈਂ ਬਹੁਤ ਖੁਸ਼ ਹਾਂ।’’ ਤੀਜੇ ਚੈਂਪੀਅਨਸ਼ਿਪ ਅੰਕ ’ਤੇ ਬੈਕਹੈਂਡ ’ਤੇ ਜ਼ੈਰੇਵ ਦਾ ਸ਼ਾਟ ਜਿਵੇਂ ਹੀ ਬਾਹਰ ਡਿੱਗਿਆ, ਥੀਮ ਨੇ ਆਪਣਾ ਚਿਹਰਾ ਹੱਥਾਂ ਨਾਲ ਢੱਕ ਲਿਆ। ਇਸ ਤੋਂ ਬਾਅਦ ਜ਼ੈਰੇਵ ਉਸ ਵੱਲ ਆਇਆ ਅਤੇ ਸਮਾਜਿਕ ਦੂਰੀ ਦੇ ਇਸ ਦੌਰ ’ਚ ਉਸ ਨੂੰ ਗਲ ਨਾਲ ਲਾ ਲਿਆ। ਥੀਮ ਨੇ ਆਪਣਾ ਸਿਰ ਜ਼ੈਰੇਵ ਦੇ ਮੋਢੇ ’ਤੇ ਰੱਖਿਆ। ਥੀਮ ਨੇ ਕਿਹਾ, ‘‘ਕਾਸ਼ ਅੱਜ ਦੋ ਜੇਤੂ ਐਲਾਨੇ ਜਾਂਦੇ। ਅਸੀਂ ਦੋਵੇਂ ਇਸ ਦੇ ਹੱਕਦਾਰ ਸਾਂ।’’
-ਏਪੀ