ਸੰਯੁਕਤ ਰਾਸ਼ਟਰ, 31 ਅਕਤੂਬਰ
ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਨੇ ਆਲਮੀ ਸ਼ਾਂਤੀ ਨੂੰ ਊਤਸ਼ਾਹਿਤ ਕਰਨ ਵਾਲੀਆਂ ਸਰਗਰਮੀਆਂ ’ਚ ਔਰਤਾਂ ਦੀ ਬਰਾਬਰ ਹਿੱਸੇਦਾਰੀ ਦੀ ਮੰਗ ਕਰਨ ਵਾਲੇ ਰੂਸੀ ਮਤੇ ਨੂੰ ਖਾਰਜ ਕਰ ਦਿੱਤਾ ਹੈ। ਮਤੇ ਦਾ ਵਿਰੋਧ ਕਰਨ ਵਾਲਿਆਂ ਨੇ ਕਿਹਾ ਕਿ ਮਤੇ ਦਾ ਖਰੜਾ ਮਨੁੱਖੀ ਹੱਕਾਂ ਅਤੇ ਲਿੰਗ ਬਰਾਬਰੀ ਨੂੰ ਊਤਸ਼ਾਹਿਤ ਕਰਨ ’ਚ ਨਾਕਾਮ ਰਿਹਾ ਹੈ।
ਮਤੇ ’ਤੇ ਈ-ਮੇਲ ਰਾਹੀਂ ਵੋਟਿੰਗ ਹੋਈ ਜਿਸ ’ਚ ਪੰਜ ਮੁਲਕਾਂ ਨੇ ਇਸ ਦੀ ਹਮਾਇਤ ਕੀਤੀ ਅਤੇ 10 ਵੋਟਿੰਗ ਤੋਂ ਦੂਰ ਰਹੇ। ਮਤੇ ਨੂੰ ਪਾਸ ਕਰਨ ਲਈ ਘੱਟੋ ਘੱਟ 9 ਵੋਟਾਂ ਦੀ ਲੋੜ ਸੀ।
ਰੂਸ ਦੇ ਮਤੇ ਨੂੰ ਚੀਨ, ਵੀਅਤਨਾਮ, ਇੰਡੋਨੇਸ਼ੀਆ ਅਤੇ ਦੱਖਣੀ ਅਫ਼ਰੀਕਾ ਨੇ ਹਮਾਇਤ ਦਿੱਤੀ ਜਦਕਿ ਅਮਰੀਕਾ, ਬ੍ਰਿਟੇਨ, ਫਰਾਂਸ, ਬੈਲਜੀਅਮ, ਡੋਮੀਨਿਕਨ ਰਿਪਬਲਿਕ, ਜਰਮਨੀ, ਐਸਟੋਨੀਆ, ਨਾਈਜਰ, ਸੇਂਟ ਵਿਨਸੇਂਟ ਐਂਡ ਗ੍ਰੇਨੇਡਾਈਨਸ ਅਤੇ ਟਿਊਨੀਸ਼ੀਆ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ। -ਏਪੀ