ਲੰਡਨ, 6 ਮਈ
ਗੂਗਲ ਤੇ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਜਿਹੀਆਂ ਵੱਡੀਆਂ ਟੈੱਕ ਕੰਪਨੀਆਂ ਨੂੰ ਨਵੇਂ ਡਿਜੀਟਲ ਨਿਗਰਾਨ ਅਧੀਨ ਸਖ਼ਤ ਬਰਤਾਨਵੀ ਨੇਮਾਂ ਦੀ ਪਾਲਣਾ ਯਕੀਨੀ ਬਣਾਉਣੀ ਹੋਵੇਗੀ। ਉਂਜ ਇਸ ਪੂਰੇ ਅਮਲ ਦਾ ਮੁੱਖ ਮੰਤਵ ਖਪਤਕਾਰਾਂ ਨੂੰ ਆਨਲਾਈਨ ਵਧੇਰੇ ਬਦਲ ਮੁਹੱਈਆ ਕਰਵਾਉਣਾ ਹੈ। ਨੇਮਾਂ ਦੀ ਉਲੰਘਣਾ ਲਈ ਇਨ੍ਹਾਂ ਕੰਪਨੀਆਂ ਨੂੰ ਵੱਡੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਕੇ ਸਰਕਾਰ ਨੇ ਡਿਜੀਟਲ ਮਾਰਕੀਟ ਇਕਾਈ ਨੂੰ ਦਿੱਤੀਆਂ ਜਾਣ ਵਾਲੀਆਂ ਤਾਕਤਾਂ ਦਾ ਅੱਜ ਖਾਕਾ ਜਾਰੀ ਕੀਤਾ, ਪਰ ਇਹ ਨਹੀਂ ਸਪਸ਼ਟ ਕੀਤਾ ਕਿ ਇਹ ਨਵੇਂ ਨੇਮ ਕਦੋਂ ਤੋਂ ਅਮਲ ਵਿੱਚ ਆਉਣਗੇ। ਸਰਕਾਰ ਨੇ ਕਿਹਾ ਕਿ ਸਬੰਧਤ ਕਾਨੂੰਨ ਜਲਦੀ ਹੀ ਲਿਆਂਦਾ ਜਾਵੇਗਾ। ਦੱਸਣਾ ਬਣਦਾ ਹੈ ਕਿ ਬ੍ਰਿਟੇਨ ਤੇ ਯੂਰੋਪ ਦੀਆਂ ਅਥਾਰਿਟੀਜ਼ ਵੱਲੋਂ ਟੈੱਕ ਕੰਪਨੀਆਂ ਦੇ ਖੰਭ ਕੁਤਰਨ ਲਈ ਆਲਮੀ ਪੱਧਰ ’ਤੇ ਮੂਹਰੇ ਹੋ ਕੇ ਅਗਵਾਈ ਕੀਤੀ ਜਾ ਰਹੀ। -ਪੀਟੀਆਈ