ਗੁਰਚਰਨ ਸਿੰਘ ਕਾਹਲੋਂ
ਸਿਡਨੀ, 27 ਅਪਰੈਲ
ਇੱਥੇ ਅੱਜ ਸੰਸਾਰ ਦੀ ਪਹਿਲੀ ਤੇ ਦੂਜੀ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਅੱਜ ਪਰੇਡ ਵਿੱਚ ਆਸਟਰੇਲੀਆ ਦੀ ਜਲ, ਥਲ ਤੇ ਹਵਾਈ ਫੌਜ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਸਾਬਕਾ ਫੌਜੀ ਜਵਾਨ ਤੇ ਉਨ੍ਹਾਂ ਦੇ ਸਕੇ ਸਬੰਧੀ ਸਾਂਝੀ ਪਰੇਡ ਵਿੱਚ ਸ਼ਾਮਲ ਹੋਏ। ਇਨ੍ਹਾਂ ਵਿਚ ਭਾਰਤੀ ਪੰਜਾਬੀ ਲੋਕ ਵੀ ਸ਼ਾਮਲ ਸਨ।
ਨੈਸ਼ਨਲ ਸਿੱਖ ਕੌਸਲ ਆਫ ਆਸਟਰੇਲੀਆ ਦੀ ਅਗਵਾਈ ਵਿੱਚ ਸ਼ਾਮਲ ਪਰੇਡ ਮਾਰਚ ਦੀ ਕਮਾਂਡ ਸਾਬਕਾ ਕਰਨਲ ਚਰਨਜੀਤ ਸਿੰਘ ਚੀਮਾ ਤੇ ਸੈਕਿੰਡ ਕਮਾਂਡ ਸਾਬਕਾ ਕੈਪਟਨ ਸਰਜਿੰਦਰ ਸਿੰਘ ਸੰਧੂ ਨੇ ਕੀਤੀ। ਪਰੇਡ ਵਿੱਚ ਸ਼ਾਮਲ ਸਾਬਕਾ ਫੌਜੀ ਅਫ਼ਸਰਾਂ, ਜਵਾਨਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਬਹਾਦਰੀ ਦੇ ਤਗ਼ਮੇ ਟੰਗੇ ਹੋਏ ਸਨ।
ਇਸ ਮੌਕੇ ਕੌਂਸਲ ਦੇ ਜਨਰਲ ਸਕੱਤਰ ਬਾਵਾ ਸਿੰਘ ਜਗਦੇਵ ਤੇ ਹੋਰਨਾਂ ਨੇ ਕਿਹਾ ਕਿ ਬ੍ਰਿਟਿਸ਼ ਰਾਜ ਅਧੀਨ ਭਾਰਤੀ ਜਵਾਨ ਜਿਨ੍ਹਾਂ ਵਿੱਚ ਖਾਸਕਰ ਪੰਜਾਬੀ ਸਿੱਖਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਬੜੀ ਬਹਾਦਰੀ ਨਾਲ ਦੁਸ਼ਮਣ ਫੌਜ ਨਾਲ ਲੋਹਾ ਲਿਆ। ਸੰਸਾਰ ਜੰਗਾਂ ਵਿੱਚ ਸਿੱਖ ਰੈਜੀਮੈਂਟਸ ਦੀ ਬਹਾਦਰੀ ਤੇ ਸ਼ਹਾਦਤ ਦਾ ਮਾਣਮੱਤਾ ਯੋਗਦਾਨ ਹੈ।
ਬ੍ਰਿਟਿਸ਼ ਆਰਮੀ ਦਾ ਸਭ ਤੋਂ ਵੱਡਾ ਸੈਨਿਕ ਐਵਾਰਡ ‘ਵਿਕਟੋਰੀਆ ਕਰਾਸ’ 14 ਸਿੱਖ ਫੌਜੀ ਜੂਝਾਰੂਆਂ ਨੂੰ ਹਾਸਲ ਹੋਇਆ। ਜ਼ਿਕਰਯੋਗ ਹੈ ਕਿ ਆਸਟਰੇਲੀਆ ਵਿੱਚ ਵਸਦੇ ਫੌਜੀ ਪਿਛੋਕੜ ਵਾਲੇ ਸਿੱਖ ਪਰਿਵਾਰ ਆਪਣੇ ਫੌਜੀਆਂ ਨੂੰ ਸਿਜਦਾ ਕਰਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੋਵਿਡ ਦੇ ਪ੍ਰਕੋਪ ਕਾਰਨ ਪਰੇਡ ਨਹੀਂ ਹੋ ਸਕੀ।