ਵਾਸ਼ਿੰਗਟਨ, 17 ਨਵੰਬਰ
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਹਾਲੀਆ ਰਿਲੀਜ਼ ਕਿਤਾਬ ‘ਏ ਪਰੌਮਿਸਡ ਲੈਂਡ’ ਵਿਚ ਕਿਹਾ ਹੈ ਕਿ ਸਿਆਸੀ ਧਿਰਾਂ ਵਿਚਾਲੇ ਤਲਖ਼ੀ, ਕਈ ਵੱਖਵਾਦੀ ਹਥਿਆਰਬੰਦ ਮੁਹਿੰਮਾਂ ਤੇ ਭ੍ਰਿਸ਼ਟਾਚਾਰ-ਘੁਟਾਲਿਆਂ ਦੇ ਬਾਵਜੂਦ ਵਰਤਮਾਨ ਭਾਰਤ ਨੂੰ ਕਈ ਪੱਖਾਂ ਤੋਂ ਸਫ਼ਲਤਾ ਦੀ ਉਦਾਹਰਣ ਮੰਨਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ 1990 ਵਿਚ ਵਧੇਰੇ ਬਾਜ਼ਾਰ ਅਧਾਰਿਤ ਆਰਥਿਕਤਾ ਬਣਨ ਤੋਂ ਬਾਅਦ ਭਾਰਤ ਨੇ ਆਪਣੇ ਬਿਹਤਰੀਨ ਉੱਦਮੀ ਕੌਸ਼ਲ ਨੂੰ ਮੌਕੇ ਮੁਹੱਈਆ ਕਰਵਾਏ। ਵਿਕਾਸ ਦਰ ਨੇ ਆਸਮਾਨ ਛੂਹਿਆ, ਤਕਨੀਕੀ ਖੇਤਰ ਲਗਾਤਾਰ ਵਧਿਆ ਤੇ ਮੱਧ ਵਰਗ ਦਾ ਦਾਇਰਾ ਵੀ ਵੱਧਦਾ ਹੀ ਗਿਆ।
ਓਬਾਮਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਤਰੱਕੀ ਦਾ ਚਿੰਨ੍ਹ ਹਨ। ਕਈ ਵਾਰ ਜਬਰ-ਜ਼ੁਲਮ ਝੱਲਣ ਵਾਲੀ ਸਿੱਖ ਧਾਰਮਿਕ ਘੱਟ ਗਿਣਤੀ ’ਚੋਂ ਉੱਠ ਕੇ ਉਹ ਧਰਤੀ ਦੇ ਚੋਟੀ ਦੇ ਦਫ਼ਤਰ ਤੱਕ ਪਹੁੰਚੇ। ਓਬਾਮਾ ਨੇ ਕਿਹਾ ਕਿ ਜਦ ਉਹ 2010 ਵਿਚ ਭਾਰਤ ਆਏ ਸਨ ਤਾਂ ਮਨਮੋਹਨ ਸਿੰਘ ਨਾਲ ਉਨ੍ਹਾਂ ਦਾ ਨਿੱਘਾ ਤੇ ਉਸਾਰੂ ਰਿਸ਼ਤਾ ਬਣਿਆ। ਓਬਾਮਾ ਨੇ ਲਿਖਿਆ ਕਿ ਮਨਮੋਹਨ ਦੀ ਚਿੰਤਾ ਭਾਰਤ ਦੀ ਅਰਥਵਿਵਸਥਾ, ਅਤਿਵਾਦ ਤੇ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਲੈ ਕੇ ਸੀ। ਓਬਾਮਾ ਨੇ ਆਪਣੀ ਕਿਤਾਬ ਵਿਚ ਸੋਨੀਆ ਤੇ ਰਾਹੁਲ ਨਾਲ ਹੋਈ ਮੀਟਿੰਗ ਦਾ ਜ਼ਿਕਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਬੋਲਣ ਨਾਲੋਂ ਵੱਧ ਸੁਣਦੇ ਹਨ। ਨੀਤੀ ਨਿਰਧਾਰਨ ਬਾਰੇ ਕੋਈ ਮਸਲਾ ਆਉਣ ’ਤੇ ਗੱਲਬਾਤ ਉਹ ਰਾਹੁਲ ਵੱਲ ਸੇਧਤ ਕਰ ਦਿੰਦੇ ਸਨ। ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ‘ਉਨ੍ਹਾਂ ਦੀਆਂ ਲਿਖਤਾਂ ਨੇ ਮੇਰੀ ਸੂਝ-ਬੂਝ ਨੂੰ ਨਿਖਾਰਿਆ।’
ਗਾਂਧੀ ਵੱਲੋਂ ਬ੍ਰਿਟਿਸ਼ ਰਾਜ ਖ਼ਿਲਾਫ਼ ਵਿੱਢਿਆ ਅਹਿੰਸਾ ਅੰਦੋਲਨ ਕਈਆਂ ਲਈ ਅੱਜ ਵੀ ਮਿਸਾਲ ਹੈ ਤੇ ਰਹੇਗਾ। ਕਿਤਾਬ ਵਿਚ ਓਬਾਮਾ ਨੇ ਜ਼ਿਕਰ ਕੀਤਾ ਹੈ ਕਿ ਇੰਡੋਨੇਸ਼ੀਆ ’ਚ ਬਚਪਨ ਦੇ ਬਿਤਾਏ ਕਈ ਵਰ੍ਹਿਆਂ ਦੌਰਾਨ ਉਹ ਰਮਾਇਣ ਤੇ ਮਹਾਭਾਰਤ ਸੁਣਦੇ ਰਹੇ ਹਨ। ਉਨ੍ਹਾਂ ਲਿਖਿਆ ਕਿ ਕਾਲਜ ਵਿਚ ਕਈ ਪਾਕਿਸਤਾਨੀ ਤੇ ਭਾਰਤੀ ਉਨ੍ਹਾਂ ਦੇ ਮਿੱਤਰ ਬਣ ਗਏ। ਇਸ ਦੌਰਾਨ ਕਈ ਭਾਰਤੀ ਪਕਵਾਨ ਬਣਾਉਣੇ ਸਿੱਖੇ ਤੇ ਬੌਲੀਵੁੱਡ ਫ਼ਿਲਮਾਂ ਦੇਖੀਆਂ।
-ਪੀਟੀਆਈ
‘ਲਾਦੇਨ ਨੂੰ ਮਾਰਨ ਦੀ ਮੁਹਿੰਮ ਨੂੰ ਗੁਪਤ ਰੱਖਣਾ ਵੱਡੀ ਚੁਣੌਤੀ ਸੀ’
ਬਰਾਕ ਓਬਾਮਾ ਨੇ ਕਿਹਾ ਹੈ ਕਿ ਉਨ੍ਹਾਂ ਓਸਾਮਾ ਬਿਨ ਲਾਦੇਨ ਦੀ ਲੁਕਣਗਾਹ ’ਤੇ ਛਾਪਾ ਮਾਰਨ ਦੀ ਮੁਹਿੰਮ ਵਿਚ ਪਾਕਿਸਤਾਨ ਨੂੰ ਸ਼ਾਮਲ ਕਰਨ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿਉਂਕਿ ਇਹ ਇਕ ‘ਖੁੱਲ੍ਹਾ ਭੇਤ’ ਸੀ ਕਿ ਪਾਕਿ ਫ਼ੌਜ ਵਿਚ ਕੁਝ ਵਿਅਕਤੀ, ਖ਼ਾਸ ਤੌਰ ’ਤੇ ਇਸ ਦੀ ਇੰਟੈਲੀਜੈਂਸ ਤਾਲਿਬਾਨ ਤੇ ਸ਼ਾਇਦ ਅਲ-ਕਾਇਦਾ ਨਾਲ ਵੀ ਤਾਲਮੇਲ ਰੱਖ ਰਹੀ ਸੀ। ਕਈ ਵਾਰ ਉਹ ਇਨ੍ਹਾਂ ਅਤਿਵਾਦੀ ਸੰਗਠਨਾਂ ਨੂੰ ਅਫ਼ਗਾਨਿਸਤਾਨ ਤੇ ਭਾਰਤ ਵਿਰੁੱਧ ਰਣਨੀਤਕ ਹਥਿਆਰ ਵਜੋਂ ਵੀ ਵਰਤਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਅਪਰੇਸ਼ਨ ਨੂੰ ਗੁਪਤ ਰੱਖਣਾ ਵੱਡੀ ਚੁਣੌਤੀ ਸੀ। ਓਬਾਮਾ ਨੇ ਕਿਹਾ ਕਿ ਇਸ ਬੇਹੱਦ ਖ਼ੁਫੀਆ ਅਪਰੇਸ਼ਨ ਦਾ ਤਤਕਾਲੀ ਰੱਖਿਆ ਮੰਤਰੀ ਰੌਬਰਟ ਗੇਟਸ ਨੇ ਵਿਰੋਧ ਕੀਤਾ ਸੀ। ਜੋਅ ਬਾਇਡਨ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਜੋ ਕਿ ਉਸ ਵੇਲੇ ਉਪ ਰਾਸ਼ਟਰਪਤੀ ਸਨ।