ਕਿਨੋਸ਼ਾ/ਓਮਾਹਾ: ਅਮਰੀਕਾ ਦੇ ਸੂਬੇ ਵਿਸਕੌਨਸਿਨ ਵਿਚ ਦਾਰੂ ਦੇ ਅਹਾਤੇ ’ਚ ਚੱਲੀਆਂ ਗੋਲੀਆਂ ਕਾਰਨ ਤਿੰਨ ਜਣੇ ਮਾਰੇ ਗਏ ਹਨ। ਇਸ ਘਟਨਾ ਵਿਚ ਦੋ ਗੰਭੀਰ ਜ਼ਖ਼ਮੀ ਵੀ ਹੋਏ ਹਨ। ਕਿਨੋਸ਼ਾ ਕਾਊਂਟੀ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਐਤਵਾਰ ਸਵੇਰੇ ਸੋਮਰਸ ਪਿੰਡ ਦੇ ਅਹਾਤੇ ਵਿਚ ਵਾਪਰੀ। ਗੋਲੀ ਚਲਾਉਣ ਵਾਲਾ ਅਜੇ ਤੱਕ ਫੜਿਆ ਨਹੀਂ ਗਿਆ। ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਕਿ ਗੋਲੀਆਂ ‘ਮਿੱਥ ਕੇ ਕੁਝ ਵਿਅਕਤੀਆਂ ਵੱਲ ਹੀ ਚਲਾਈਆਂ ਗਈਆਂ ਹਨ, ਆਮ ਲੋਕਾਂ ਵੱਲ ਨਹੀਂ।’ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਨੇਬਰਾਸਕਾ ਦੇ ਇਕ ਮਾਲ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖ਼ਮੀ ਹੋ ਗਈ। -ਏਪੀ