ਕੀਵ, 6 ਸਤੰਬਰ
ਯੂਕਰੇਨ ਦੇ ਖਾਰਕੀਵ ਸ਼ਹਿਰ ’ਤੇ ਬੀਤੇ ਦਿਨ ਰੂਸ ਵਿੱਚ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਇੱਕ ਔਰਤ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਖਾਰਕੀਵ ਦੇ ਗਵਰਨਰ ਨੇ ਦਿੱਤੀ। ਖਾਰਕੀਵ ਯੂਕਰੇਨ ਦਾ ਦੂਜਾ ਵੱਡਾ ਸ਼ਹਿਰ ਹੈ, ਜੋ ਰੂਸ ਦੀ ਸਰਹੱਦ ਦੇ ਨੇੜੇ ਹੈ ਅਤੇ ਇੱਥੇ ਰੂਸ ਵੱਲੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਮਾਸਕੋ ‘ਵਿਸ਼ੇਸ਼ ਫ਼ੌਜੀ ਕਾਰਵਾਈ’ ਦੱਸ ਰਿਹਾ ਹੈ। ਖਾਰਕੀਵ ਖੇਤਰ ਦੇ ਗਵਰਨਰ ਓਲੇਹ ਸਿਨੇਹੁਬੋਵ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਲਿਖਿਆ, ‘‘ਬੀਤੀ ਰਾਤ ਰੂਸ ਦੀ ਸੈਨਾ ਨੇ ਇੱਕ ਵਾਰ ਮੁੜ ਖਾਰਕੀਵ ’ਤੇ ਮਿਜ਼ਾਈਲ ਦਾਗ਼ੀ।’’ ਉਨ੍ਹਾਂ ਦੱਸਿਆ, ‘‘ਉਦਯੋਗਿਕ ਜ਼ਿਲ੍ਹੇ ਵਿੱਚ ਇੱਕ ਦੋ-ਮੰਜ਼ਿਲਾਂ ਅਤੇ ਇੱਕ ਪ੍ਰਾਈਵੇਟ ਰਿਹਾਇਸ਼ੀ ਇਮਾਰਤ ਨੁਕਸਾਨੀ ਗਈ, ਜਿਸ ਵਿੱਚ ਰਹਿ ਰਹੀ ਇੱਕ 73 ਸਾਲਾ ਮਹਿਲਾ ਦੀ ਮੌਤ ਹੋ ਗਈ।’’ ਦੱਖਣੀ ਖਾਰਕੀਵ ਦੇ ਜ਼ੋਲੋਚਿਵ ਪਿੰਡ ਵਿੱਚ ਬੰਬਾਰੀ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇੱਕ ਵੱਖਰੇ ਸੰਦੇਸ਼ ਵਿੱਚ ਗਵਰਨਰ ਨੇ ਇੱਕ ਹੋਰ ਮਿਜ਼ਾਈਲ ਹਮਲੇ ਦੀ ਜਾਣਕਾਰੀ ਦਿੱਤੀ ਪਰ ਉਨ੍ਹਾਂ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ। ਪੂਰੇ ਯੂਕਰੇਨ ਵਿੱਚ ਮੰਗਲਵਾਰ ਸਵੇਰੇ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਸੀ ਤੇ ਅਧਿਕਾਰੀਆਂ ਨੇ ਦਨੀਪ੍ਰੋਪੇਤਰੋਵਸਕ ਖੇਤਰ ਵਿੱਚ ਧਮਾਕਿਆਂ ਦੀ ਖ਼ਬਰ ਦਿੱਤੀ ਸੀ। ਰੂਸ, ਜਿਸ ਨੇ 24 ਫਰਵਰੀ ਨੂੰ ਯੂਰਕੇਨ ’ਤੇ ਹਮਲਾ ਕੀਤਾ ਸੀ, ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਹੈ। ਰੂਸੀ ਹਮਲਿਆਂ ਕਾਰਨ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। -ਰਾਇਟਰਜ਼