ਮਸਲੇ ਦੇ ਹੱਲ ਲਈ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਦੀ ਲੋੜ ਨਹੀਂ: ਚੀਨ
ਪੇਈਚਿੰਗ, 3 ਜੂਨ
ਚੀਨ ਨੇ ਅੱਜ ਭਾਰਤ-ਚੀਨ ਵਿਚਾਲੇ ਹੱਦਬੰਦੀ ਸਬੰਧੀ ਤਾਜ਼ਾ ਵਿਵਾਦ ’ਚ ਕਿਸੇ ‘ਤੀਜੀ ਧਿਰ’ ਦੀ ਦਖ਼ਲਅੰਦਾਜ਼ੀ ਦੀ ਲੋੜ ਨਾ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਕੋਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਲਈ ਸਰਹੱਦ ਸਬੰਧੀ ਲੋੜੀਂਦੇ ਢੰਗ ਅਤੇ ਤਾਲਮੇਲ ਦੇ ਸਾਧਨ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਅਨ ਨੇ ਕਿਹਾ ਸਰਹੱਦ ਦੇ ਮਸਲੇ ’ਤੇ ਭਾਰਤ ਨਾਲ ਚੀਨ ਦੀ ਸਥਿਤੀ ‘ਢੁੱਕਵੀਂ ਅਤੇ ਸਾਫ਼’ ਸੀ ਅਤੇ ਦੋਵੇਂ ਦੇਸ਼ਾਂ ਕੋਲ ਮਸਲੇ ਨੂੰ ਸੁਲਝਾਉਣ ਦੀ ਸਮਰੱਥਾ ਹੈ। ਜ਼ਾਓ ਨੇ ਕਿਹਾ, ‘ਹੁਣ ਉੱਥੇ (ਭਾਰਤ-ਚੀਨ ਸਰਹੱਦ ’ਤੇ) ਸਥਿਤੀ ਸਥਿਰ ਅਤੇ ਕਾਬੂ ਹੇਠ ਹੈ। ਇਸ ਮਸਲੇ ’ਤੇ ਸਾਨੂੰ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ।’ -ਪੀਟੀਆਈ
ਭਾਰਤ-ਚੀਨ ਦੇ ਉਸਾਰੂ ਸਬੰਧ ਖੇਤਰੀ ਸਥਿਰਤਾ ਦੀ ਕੁੰਜੀ: ਰੂਸ
ਭਾਰਤ ਅਤੇ ਚੀਨ ਦੇ ਉਸਾਰੂ ਸਬੰਧਾਂ ਨੂੰ ਖੇਤਰੀ ਸਥਿਰਤਾ ਦੀ ‘ਕੁੰਜੀ’ ਦੱਸਦਿਆਂ ਰੂਸ ਨੇ ਉਮੀਦ ਪ੍ਰਗਟਾਈ ਕਿ ਭਾਰਤ ਤੇ ਚੀਨ ਜਲਦੀ ਹੀ ਪੂਰਬੀ ਲੱਦਾਖ ’ਚ ਪੈਦਾ ਹੋਏ ਤਣਾਅ ਨੂੰ ਸੁਲਝਾ ਲੈਣਗੇ। ਮਿਸ਼ਨ ਰੋਮਨ ਦੇ ਰੂਸੀ ਉੱਪ ਮੁਖੀ ਬਾਬੂਸ਼ਕਿਨ ਨੇ ਕਿਹਾ, ‘ਅਸੀਂ ਦੋਵਾਂ ਦੇਸ਼ਾਂ ਵਿਚਾਲੇ ਹਾਂ-ਪੱਖੀ ਵਿਕਾਸ ਲਈ ਆਸਵੰਦ ਹਾਂ। ਖੇਤਰੀ ਸਥਿਰਤਾ ਅਤੇ ਲਗਾਤਾਰ ਵਿਕਾਸ ਲਈ ਸਾਡੇ ਦੋਸਤਾਂ ਭਾਰਤ ਅਤੇ ਚੀਨ ਵਿਚਾਲੇ ਉਸਾਰੂ ਸਬੰਧ ਬਹੁਤ ਮਹੱਤਵਪੂਰਨ ਹਨ।’