ਵਾਸ਼ਿੰਗਟਨ, 13 ਅਪਰੈਲ
ਅਮਰੀਕੀ ਸੰਸਦ ਮੈਂਬਰ ਤੇ ਰਿਪਬਲਿਕਨ ਪਾਰਟੀ ਦੇ ਨੇਤਾ ਟੌਡ ਯੰਗ ਨੇ ਬਾਇਡਨ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਭਾਰਤ ਨੂੰ ਆਪਣੇ ਪਾਬੰਦੀਆਂ ਸਬੰਧੀ ਕਾਨੂੰਨ (ਸੀਏਏਟੀਐੱਸਏ) ’ਚ ਰਾਹਤ ਦੇਵੇ।
ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ’ਤੇ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਬੰਧ ਖਰੀਦਣ ’ਤੇ ਪਾਬੰਦੀ ਲਾਉਣ ਨਾਲ ਅਮਰੀਕਾ ਤੇ ਭਾਰਤ ਵਿਚਲੇ ਰਿਸ਼ਤਿਆਂ ’ਤੇ ਫਰਕ ਪਵੇਗਾ ਅਤੇ ਇਸ ਨਾਲ ਕੁਆਡ ਦੀ ਚੀਨ ਨਾਲ ਲੜਨ ਦੀ ਸਮਰੱਥਾ ’ਤੇ ਵੀ ਅਸਰ ਪਵੇਗਾ। ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਯੰਗ ਨੇ ਵਿਦੇਸ਼ ਨੀਤੀ ਰਸਾਲੇ ’ਚ ਲਿਖਿਆ ਹੈ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਭਾਰਤ ’ਤੇ ਪਾਬੰਦੀ ਲਾਉਂਦਾ ਹੈ ਤਾਂ ਇਸ ਨਾਲ ਅਹਿਮ ਸਮੇਂ ’ਚ ਦੋ ਮੋਰਚੇ ਕਮਜ਼ੋਰ ਹੋਣਗੇ। ਇਸ ਨਾਲ ਭਾਰਤ ਤੇ ਅਮਰੀਕਾ ਵਿਚਾਲੇ ਸਬੰਧ ਕਮਜ਼ੋਰ ਹੋਣਗੇ ਅਤੇ ਚੀਨ ਨਾਲ ਨਜਿੱਠਣ ਲਈ ਕੁਆਡ ਦੀ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਰੂਸ ਭਾਰਤ ਦੇ ਫੌਜੀ ਭਾਈਵਾਲ ਵਜੋਂ ਆਪਣੀ ਭੂਮਿਕਾ ਦਾ ਦਾਅਵਾ ਕਰਨ ਲਈ ਪਾਬੰਦੀਆਂ ਦਾ ਲਾਹਾ ਲੈ ਸਕਦਾ ਹੈ। ਇਸ ਤੋਂ ਬਾਅਦ ਰੂਸ ’ਚ ਬਣੀ ਰੱਖਿਆ ਪ੍ਰਣਾਲੀ ਨੂੰ ਲੈ ਕੇ ਭਾਰਤ ’ਤੇ ਪਾਬੰਦੀ ਲਾਉਣਾ ਅਸਲ ’ਚ ਮਾਸਕੋ ਦੀ ਭੂ-ਰਣਨੀਤਕ ਜਿੱਤ ਹੋਵੇਗੀ।
ਉਨ੍ਹਾਂ ਬਾਇਡਨ ਪ੍ਰਸ਼ਾਸਨ ਨੂੰ ਭਾਰਤ ਨੂੰ ਸੀਏਏਟੀਐੱਸਏ ਤੋਂ ਰਾਹਤ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਛੋਟ ਦੇਣ ਅਤੇ ਭਾਰਤ ਨੂੰ ਰੂਸ ਤੋਂ ਹਥਿਆਰ ਖਰੀਦਣ ਦੀ ਇਜਾਜ਼ਤ ਦੇਣ ਨਾਲ ਬਾਇਡਨ ਪ੍ਰਸ਼ਾਸਨ ਇਹ ਸਪੱਸ਼ਟ ਕਰ ਸਕਦਾ ਹੈ ਕਿ ਅਮਰੀਕਾ ਲਈ ਮੁੱਖ ਭੂ-ਰਣਨੀਤਕ ਖਤਰਾ ਚੀਨ ਹੈ। -ਪੀਟੀਆਈ