ਪੇਈਚਿੰਗ, 20 ਅਕਤੂਬਰ
ਚੀਨ ਨੇ ਸੰਕੇਤ ਦਿੱਤਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਮਹੀਨੇ ਇੰਡੋਨੇਸ਼ੀਆ ’ਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣਗੇ। ਹੁਕਮਰਾਨ ਕਮਿਊਨਿਸਟ ਪਾਰਟੀ ਦੇ ਇਜਲਾਸ ਦੌਰਾਨ ਜਿਨਪਿੰਗ ਨੂੰ ਰਿਕਾਰਡ ਤੀਜੀ ਵਾਰ ਪੰਜ ਸਾਲ ਦੇ ਕਾਰਜਕਾਲ ਲਈ ਚੁਣੇ ਜਾਣ ਦੀ ਉਮੀਦ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਜਿਨਪਿੰਗ ਦੇ 10 ਸਾਲ ਦੇ ਰਾਜ ਤਹਿਤ ਹਾਸਲ ਕੀਤੀ ਗਈ ਕੂਟਨੀਤਕ ਸਫ਼ਲਤਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਦੌਰਾਨ ਚੀਨ ਨੇ ਖੁਦਮੁਖਤਿਆਰੀ ਅਤੇ ਸੁਰੱਖਿਆ ਨੂੰ ਮਜ਼ਬੂਤੀ ਨਾਲ ਬਹਾਲ ਰੱਖਿਆ ਹੈ। ਜਿਨਪਿੰਗ ਨੂੰ ਤੀਜੇ ਕਾਰਜਕਾਲ ਦੀ ਮਨਜ਼ੂਰੀ ਮਿਲਣ ਦੇ ਨਾਲ ਹੀ ਸਿਖਰਲੇ ਆਗੂਆਂ ਦੇ 10 ਸਾਲ ਦੇ ਕਾਰਜਕਾਲ ਤੋਂ ਬਾਅਦ ਅਸਤੀਫ਼ਾ ਦੇਣ ਦਾ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਚਲਿਆ ਆ ਰਿਹਾ ਨਿਯਮ ਟੁੱਟ ਜਾਵੇਗਾ। ਸ਼ੀ ਇਸ ਸਾਲ 10 ਸਾਲ ਦਾ ਕਾਰਜਕਾਲ ਮੁਕੰਮਲ ਕਰਨ ਮਗਰੋਂ ਪਾਰਟੀ ਦੇ ਬਾਨੀ ਮਾਓ ਜੇ ਤੁੰਗ ਤੋਂ ਬਾਅਦ ਪਹਿਲੇ ਅਜਿਹੇ ਆਗੂ ਹੋਣਗੇ ਜੋ ਲਗਾਤਾਰ ਸੱਤਾ ’ਚ ਰਹੇ ਹਨ। ਉਪ ਮੰਤਰੀ ਮਾ ਜ਼ਾਓਕਸੂ ਨੇ ਕਿਹਾ ਕਿ ਚੀਨ, ਇੰਡੋਨੇਸ਼ੀਆ ਦੀ ਜੀ-20 ਪ੍ਰਧਾਨਗੀ ਨੂੰ ਸਮਰਥਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਆਸ ਕਰਦਾ ਹੈ ਕਿ ਬਾਲੀ ’ਚ ਹੋਣ ਵਾਲਾ ਜੀ-20 ਸਿਖਰ ਸੰਮੇਲਨ ਕੋਵਿਡ-19 ਖ਼ਿਲਾਫ਼ ਕੌਮਾਂਤਰੀ ਸਹਿਯੋਗ ਵਧਾਉਣ, ਆਲਮੀ ਖੁਰਾਕ ਊਰਜਾ ਸੁਰੱਖਿਆ ਅਤੇ ਆਲਮੀ ਆਰਥਿਕ ਤਰੱਕੀ ’ਚ ਉਸਾਰੂ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਚੀਨੀ ਆਗੂ ਦੀ ਸਿਖਰ ਸੰਮੇਲਨ ’ਚ ਸ਼ਮੂਲੀਅਤ ਦਾ ਉਹ ਸਮਾਂ ਆਉਣ ’ਤੇ ਜਾਣਕਾਰੀ ਦੇਣਗੇ। -ਪੀਟੀਆਈ