ਲੰਡਨ, 16 ਸਤੰਬਰ
ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ ਅੰਤਿਮ ਦਰਸ਼ਨਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਵਿੱਚ ਭਾਰਤੀ ਪਰਵਾਸੀ ਭਾਈਚਾਰਾ ਵੀ ਪਿੱਛੇ ਨਹੀਂ ਹੈ। ਵੈਸਟਮਿਨਸਟਰ ਹਾਲ ਦੇ ਬਾਹਰ ਲੱਗੀਆਂ ਕਈ-ਕਈ ਕਿਲੋਮੀਟਰ ਲੰਮੀਆਂ ਕਤਾਰਾਂ ਵਿੱਚ ਭਾਰਤੀ ਪਰਵਾਸੀ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਬਜ਼ੁਰਗ ਤੇ ਨਿੱਕੇ ਬੱਚਿਆਂ ਸਣੇ ਲਗਪਗ ਹਰ ਵਰਗ ਦੇ ਲੋਕ ਹਨ। ਕੁਝ ਵ੍ਹੀਲਚੇਅਰਾਂ ’ਤੇ ਹਨ ਤੇ ਕੁਝ ਤਾਂ ਆਪਣੇ ਕੁੱਤਿਆਂ ਨੂੰ ਵੀ ਨਾਲ ਲੈ ਕੇ ਆਏ ਹਨ। ਇਸ ਦੌਰਾਨ ਹਿੰਦੂ ਤੇ ਸਿੱਖ ਭਾਈਚਾਰਿਆਂ ਨੇ ਮਹਾਰਾਣੀ ਦੀ ਯਾਦ ਵਿੱਚ ਮੰਦਿਰਾਂ ਤੇ ਗੁਰਦੁਆਰਿਆਂ ਵਿੱਚ ਪ੍ਰਾਰਥਨਾ ਸਮਾਗਮ ਵੀ ਰੱਖੇ ਹਨ। ਪਿਛਲੇ ਇਕ ਹਫ਼ਤੇ ਤੋਂ ਯੂਕੇ ਦੇ ਗੁਰਦੁਆਰਿਆਂ ਵਿੱਚ ਮਹਾਰਾਣੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਕੇਂਦਰੀ ਇੰਗਲੈਂਡ ਦੇ ਗੁਰੂ ਤੇਗ ਬਹਾਦਰ ਗੁਰਦੁਆਰੇ ਵਿੱਚ ਵੀ ਦੋ ਰੋਜ਼ਾ ਸਮਾਗਮ ਰੱਖਿਆ ਗਿਆ ਹੈ।
ਕੋਬਰਾ ਬੀਅਰ ਦੇ ਬਾਨੀ ਤੇ ਬਰਤਾਨਵੀ ਭਾਰਤੀ ਲਾਰਡ ਕਰਨ ਬਿਲੀਮੋਰੀਆ ਨੇ ਕਿਹਾ, ‘‘ਅਸੀਂ ਮਹਾਰਾਣੀ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਪੂਰੀ ਦੁਨੀਆ ਉਨ੍ਹਾਂ ਨੂੰ ਪਿਆਰ ਕਰਦੀ ਹੈ। ਜਿਵੇਂ ਕਿ ਉਹ ਕਹਿੰਦੇ ਸਨ, ਪਿਆਰ ਦੀ ਕੀਮਤ ਗ਼ਮ ਹੈ। ਅਸੀਂ ਗ਼ਮਗੀਨ ਹਾਂ।’’ ਉਨ੍ਹਾਂ ਕਿਹਾ, ‘‘ਉਹ ਮਹਾਰਾਣੀਆਂ ਦੀ ਮਹਾਰਾਣੀ ਸੀ। ਉਹ ਵਿਸ਼ਵ ਦੀ, ਨਾ ਸਿਰਫ਼ ਸਭ ਤੋਂ ਮਕਬੂਲ ਮਹਾਰਾਣੀ ਬਲਕਿ ਸਭ ਤੋਂ ਸਤਿਕਾਰਤ ਸ਼ਖ਼ਸੀਅਤ ਸੀ।’’ ਉਧਰ ਗੁਜਰਾਤੀ ਮੂਲ ਦੇ ਬਜ਼ੁਰਗ ਜੋੜੇ ਲਈ ਪਾਰਲੀਮੈਂਟ ਚੌਕ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਖੜ੍ਹ ਕੇ ਬਿੱਗ ਬੈੱਨ ਨੂੰ ਵੇਖਣਾ, ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਬਿਲਕੁਲ ਢੁੱਕਵਾਂ ਥਾਂ ਹੈ। ਜੋੜੇ ਨੇ ਕਿਹਾ, ‘‘ਅਸੀਂ ਬਹੁਤਾ ਚਿਰ ਖੜ੍ਹੇ ਨਹੀਂ ਰਹਿ ਸਕਦੇ, ਇਸ ਲਈ ਕਤਾਰਾਂ ਵਿੱਚ ਨਹੀਂ ਲੱਗੇ। ਅਸੀਂ ਤਾਂ ਸਿਰਫ ਇਥੇ ਖੜ੍ਹ ਕੇ ਮਹਾਰਾਣੀ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਉਣਾ ਚਾਹੁੰਦੇ ਹਾਂ।’’
ਇਸ ਦੌਰਾਨ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਪੱਛਮੀ ਲੰਡਨ ਦੇ ਅਨੂਪਮ ਮਿਸ਼ਨ ਸਵਾਮੀਨਾਰਾਇਣ ਮੰਦਰ ਵਿੱਚ ਮਹਾਰਾਣੀ ਦੀ ਯਾਦ ’ਚ ਪ੍ਰਾਰਥਨਾ ਸਭਾ ਵੀ ਕੀਤੀ। ਮਹਾਰਾਣੀ ਦੀ ਗ੍ਰੀਨ ਕੈਨੋਪੀ ਰੁਖ਼ ਲਾਉਣ ਦੀ ਪੇਸ਼ਕਦਮੀ ਦੇ ਅੰਬੈਸਡਰ ਮੁੰਨਾ ਚੌਹਾਨ ਨੇ ਬਰਤਾਨਵੀ ਹਿੰਦੂ ਭਾਈਚਾਰੇ ਵੱਲੋਂ ਪੂਰੇ ਯੂਕੇ ਵਿੱਚ 7000 ਰੁਖ਼ ਲਾਉਣ ਦਾ ਐਲਾਨ ਕੀਤਾ ਹੈ। ਲਿਵਰਪੂਲ ਦੇ ਰਾਧਾ ਕ੍ਰਿਸ਼ਨ ਮੰਦਿਰ ਹਿੰਦੂ ਸੈਂਟਰ ਵਿੱਚ ਐਤਵਾਰ ਨੂੰ ਹਵਨ ਕਰਵਾਇਆ ਜਾਵੇਗਾ। -ਪੀਟੀਆਈ