ਵਾਸ਼ਿੰਗਟਨ, 12 ਅਕਤੂਬਰ
ਪਰਡਿਊ ਯੂਨੀਵਰਸਿਟੀ ਦੇ ਹੋਸਟਲ ਵਿਚ ਭਾਰਤੀ ਮੂਲ ਦੇ ਆਪਣੇ ਰੂਮਮੇਟ ’ਤੇ ਕਥਿਤ ਚਾਕੂ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰਨ ਵਾਲੇ ਕੋਰਿਆਈ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਸ ਕਾਰੇ ਦਾ ‘ਬੜਾ ਅਫ਼ਸੋਸ’ ਹੈ, ਪਰ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ। ਇੰਡੀਆਨਾਪੋਲਿਸ ਨਾਲ ਸਬੰਧਤ ਵਰੁਣ ਮਨੀਸ਼ ਛੇੜਾ (20) ਪਿਛਲੇ ਬੁੱਧਵਾਰ ਨੂੰ ਯੂਨੀਵਰਸਿਟੀ ਕੈਂਪਸ ਦੇ ਪੱਛਮੀ ਹਿੱਸੇ ਵਿਚ ਮੈਕਕਸ਼ਿਓਨ ਹਾਲ ਵਿੱਚ ਮ੍ਰਿਤ ਮਿਲਿਆ ਸੀ। ਪੁਲੀਸ ਨੇ ਹੱਤਿਆ ਦੇ ਦੋਸ਼ ਵਿੱਚ ਜੂਨੀਅਰ ਸਾਈਬਰ ਸਕਿਓਰਿਟੀ ਮੇਜਰ ਤੇ ਕੋਰੀਆ ਦੇ ਕੌਮਾਂਤਰੀ ਵਿਦਿਆਰਥੀ ਜੀ ਮਿਨ ‘ਜਿਮੀ’ ਸ਼ਾ (22) ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਾ ਨੂੰ ਸ਼ੁੱਕਰਵਾਰ ਨੂੰ ਟਾਈਪੇਕੈਨੋ ਕਾਊਂਟੀ ਮੈਜਿਸਟਰੇਟ ਕੋਲ ਪੇਸ਼ ਕੀਤਾ ਗਿਆ ਸੀ। ਮਸ਼ਕੂਕ ਨੇ ਜੱਜ ਨੂੰ ਕਿਹਾ, ‘‘ਮੈਨੂੰ ਬਲੇਕਮੇਲ ਕੀਤਾ ਜਾ ਰਿਹਾ ਸੀ।’’ ਇੰਡੀਆਨਾ ਵਿਚਲੇ ਟੈਲੀਵਿਜ਼ਨ ਸਟੇਸ਼ਨ ਡਬਲਿਊਐੱਲਐੱਫਆਈ ਨੇ ਰਿਪੋਰਟ ਵਿੱਚ ਕਿਹਾ ਕਿ ਮਸ਼ਕੂਕ ਨੇ ਆਪਣੇ ਦਾਅਵੇ ਬਾਰੇ ਬਹੁਤੀ ਤਫ਼ਸੀਲ ਨਹੀਂ ਦਿੱਤੀ। ਜਦੋਂ ਸ਼ਾ ਨੂੰ ਪੁੱਛਿਆ ਕਿ ਉਹ ਪੀੜਤ ਪਰਿਵਾਰ ਨੂੰ ਕੁਝ ਕਹਿਣਾ ਚਾਹੇਗਾ ਤਾਂ ਉਸ ਨੇ ਕਿਹਾ, ‘‘ਮੈਨੂੰ ਬਹੁਤ ਅਫ਼ਸੋਸ ਹੈ।’’ -ਪੀਟੀਆਈ