ਹਾਂਗਕਾਂਗ, 13 ਅਗਸਤ
ਹਾਂਗਕਾਂਗ ਦੇ ਮੀਡੀਆ ਕਾਰੋਬਾਰੀ ਜਿੰਮੀ ਲੇਈ ਨੇ ਕਿਹਾ ਕਿ ਉਸ ਨੂੰ ਚੀਨ ਨਹੀਂ ਭੇਜਿਆ ਗਿਆ। ਲਾਈ ਨੂੰ ਕੌਮੀ ਸੁਰੱਖਿਆ ਕਾਨੂੰਨ ਤਹਿਤ ਉਸ ਦੇ ਘਰੋਂ ਸੋਮਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 36 ਘੰਟਿਆਂ ਮਗਰੋਂ ਜ਼ਮਾਨਤ ’ਤੇ ਛੱਡ ਦਿੱਤਾ ਗਿਆ। ਜਿੰਮੀ ਲਾਈ ਨੇ ਅੱਜ ਇੱਕ ਲਾਈਵ ਸਟਰੀਮਿੰਗ ਵੀਡੀਓ ਚੈਟਿੰਗ ਵਿੱਚ ਦੱਸਿਆ, ‘15-20 ਪੁਲੀਸ ਵਾਲੇ ਸਨ। ਉਨ੍ਹਾਂ ਕਿਹਾ ਕਿ ਉਹ ਮੈਨੂੰ ਗ੍ਰਿਫ਼ਤਾਰ ਕਰਨ ਆਏ ਹਨ ਅਤੇ ਕੌਮੀ ਸੁਰੱਖਿਆ ਵਿਭਾਗ ਤੋਂ ਹਨ।’ ਲਾਈ (71) ਨੇ ਕਿਹਾ ਉਸ ਚਿੰਤਾ ਸੀ ਕਿ ਉਸ ਨੂੰ ਮੁੱਖ ਭੂਮੀ ’ਤੇ ਭੇਜਿਆ ਜਾ ਸਕਦਾ ਹੈ, ਜਿੱਥੇ ਕਾਨੂੰਨੀ ਤੰਤਰ ਵਿੱਚ ਘੱਟ ਸੁਰੱਖਿਆ ਹੈ। ਉਸਦਾ ਡਰ ਇਹ ਦੇਖ ਦੇ ਘੱਟ ਹੋ ਗਿਆ ਕਿ ਅਧਿਕਾਰੀ ਮੰਦਾਰਿਨ ਭਾਸ਼ਾ ’ਚ ਗੱਲ ਨਹੀਂ ਕਰ ਰਹੇ ਸਨ ਜੋ ਕਿ ਚੀਨ ਦੀ ਭਾਸ਼ਾ ਹੈ। ਉਨ੍ਹਾਂ ਕਿਹਾ, ‘ਮੈਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਕਿਉਂਕਿ ਮੈਨੂੰ ਸਮਝ ਆ ਗਿਆ ਸੀ ਕਿ ਮੈਨੂੰ ਚੀਨ ਨਹੀਂ ਭੇਜਿਆ ਜਾਵੇਗਾ।’ ਲਾਈ ਚੀਨ ਦੀ ਸੱਤਧਾਰੀ ਪਾਰਟੀ ਦੇ ਕੱਟੜ ਆਲੋਚਕ ਹਨ। ਉਨ੍ਹਾਂ ਕਿਹਾ, ‘ਜੇਕਰ ਮੈਨੂੰ ਪਤਾ ਹੁੰਦਾ ਕਿ ਮੈਂ ਇੱਥੇ ਹੀ ਰਹਾਂਗਾ ਜਾਂ ਕਿਸੇ ਜੇਲ੍ਹ ਵਿੱਚ, ਤਾਂ ਕੀ ਮੈਂ ਕੀ ਖ਼ੁਦ ’ਚ ਕੋਈ ਬਦਲਾਅ ਕੀਤਾ ਹੁੰਦਾ? ਮੈਂ ਇਸ ਬਾਰੇ ਸੋਚਿਆ ਅਤੇ ਜਵਾਬ ਮਿਲਿਆ ਨਹੀਂ। ਕਿਉਂਕਿ, ਇਹੀ ਮੇਰਾ ਕਿਰਦਾਰ ਹੈ। ਮੈਂ ਇਸੇ ਤਰ੍ਹਾਂ ਚੀਜ਼ਾਂ ’ਤੇ ਪ੍ਰਤੀਕਿਰਿਆ ਦਿੰਦਾ ਹਾਂ।’ -ਏਪੀ