ਕਰਾਚੀ, 9 ਜੂਨ
ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਹਿੰਦੂ ਮੰਦਰ ’ਚ ਤੋੜ ਭੰਨ ਕੀਤੀ ਹੈ। ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਦੀਆਂ ਪੂਜਾ ਵਾਲੀਆਂ ਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਹ ਨਵਾਂ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਕਰਾਚੀ ਦੇ ਕੋਰੰਗੀ ਇਲਾਕੇ ’ਚ ਸ੍ਰੀ ਮਾਤਾ ਮੰਦਰ ’ਚ ਬੀਤੇ ਦਿਨ ਤੋੜ ਭੰਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨਾਲ ਇਲਾਕੇ ’ਚ ਰਹਿ ਰਹੇ ਹਿੰਦੂ ਭਾਈਚਾਰੇ ’ਚ ਦਹਿਸ਼ਤ ਦਾ ਮਾਹੌਲ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉੱਥੇ ਪੁਲੀਸ ਤਾਇਨਾਤ ਕੀਤੀ ਗਈ ਹੈ। ਪੁਲੀਸ ਵੱਲੋਂ ਦਰਜ ਕੀਤੇ ਕੇਸ ਅਨੁਸਾਰ ਲੰਘੀ ਰਾਤ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਪੰਜ ਜਣਿਆਂ ਨੇ ਮੰਦਰ ਅੰਦਰ ਸਥਾਪਤ ਮੂਰਤੀਆਂ ’ਤੇ ਪਥਰਾਅ ਕੀਤਾ ਤੇ ਫਰਾਰ ਹੋ ਗਏ। -ਪੀਟੀਆਈ