ਲਾਹੌਰ, 15 ਅਪਰੈਲ
ਇੱਥੋਂ ਦੀ ਇਕ ਜੇਲ੍ਹ ਅੰਦਰ ਸਾਲ 2013 ’ਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹੱਤਿਆ ਕਰਨ ਵਾਲੇ ਆਮਿਰ ਸਰਫ਼ਰਾਜ਼ ਤਾਂਬਾ ਦੀ ਕੱਲ੍ਹ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਲਹਿੰਦੇ ਪੰਜਾਬ ਦੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦਾਅਵਾ ਕੀਤਾ ਕਿ ਤਾਂਬਾ ਅਜੇ ਵੀ ਜਿਊਂਦਾ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤਇਬਾ ਦੇ ਸੰਸਥਾਪਕ ਹਾਫ਼ਿਜ਼ ਸਈਦ ਦੇ ਨੇੜਲੇ ਸਾਥੀ ਤਾਂਬਾ ’ਤੇ ਇੱਥੇ ਸਨੰਤ ਨਗਰ ਵਿੱਚ ਸਥਿਤ ਉਸ ਦੀ ਰਿਹਾਇਸ਼ ਵਿਖੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ। ਉਸ ਨੂੰ ਗੰਭੀਰ ਹਾਲਤ ਵਿੱਚ ਇਕ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ ਸੀ, ਪਰ ਅੱਜ ਲਾਹੌਰ ਦੇ ਐੱਸਐੱਸਪੀ (ਆਪ੍ਰੇਸ਼ਨਜ਼) ਸਈਦ ਅਲੀ ਰਜ਼ਾ ਨੇ ‘ਦਿ ਡਾਅਨ’ ਅਖ਼ਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਾਂਬਾ ਅਜੇ ਜਿਊਂਦਾ ਹੈ ਪਰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹੈ। ਹਾਲਾਂਕਿ, ਜਦੋਂ ਪੀਟੀਆਈ ਨੇ ਲਾਹੌਰ ਪੁਲੀਸ ਦੇ ਤਰਜਮਾਨ ਫ਼ਰਹਾਨ ਸ਼ਾਹ ਨਾਲ ਐੱਸਐੱਸਪੀ ਦੇ ਬਿਆਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਨੂੰ ਸੰਵੇਦਨਸ਼ੀਲ ਦੱਸਦਿਆਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਐੱਸਐੱਸਪੀ ਰਜ਼ਾ ਨੇ ਇਹ ਨਹੀਂ ਦੱਸਿਆ ਕਿ ਜੇਕਰ ਤਾਂਬਾ ਜਿਊਂਦਾ ਹੈ ਤਾਂ ਉਸ ਨੂੰ ਇਲਾਜ ਲਈ ਕਿੱਥੇ ਭੇਜਿਆ ਗਿਆ ਹੈ।
ਉੱਧਰ, ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨੱਕਵੀ ਨੇ ਤਾਂਬਾ ਦੇ ਕਤਲ ਵਿੱਚ ਭਾਰਤ ਦਾ ਹੱਥ ਹੋਣ ਹੋਣ ਤੋਂ ਇਨਕਾਰ ਨਹੀਂ ਕੀਤਾ ਹੈ। -ਪੀਟੀਆਈ