ਇਸਲਾਮਾਬਾਦ, 13 ਅਕਤੂਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਉਹ ਖੇਤਰੀ ਸ਼ਾਂਤੀ ਤੇ ਖੁਸ਼ਹਾਲੀ ਲਈ ਭਾਰਤ ਨਾਲ ਗੱਲਬਾਤ ਦੇ ਇੱਛੁਕ ਤੇ ਤਿਆਰ ਸਨ ਪਰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਦੀ ਜ਼ਿੰਮੇਵਾਰੀ ਭਾਰਤ ਦੀ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਜ਼ਾਖਸਤਾਨ ’ਚ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਡਾਅਨ ਅਖ਼ਬਾਰ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ, ‘ਮੈਂ ਭਾਰਤ ਦੇ ਆਪਣੇ ਹਮਰੁਤਬਾ ਨਾਲ ਗੱਲਬਾਤ ਲਈ ਤਿਆਰ ਤੇ ਇੱਛੁਕ ਹਾਂ ਬਸ਼ਰਤੇ ਭਾਰਤ ਵੀ ਇਸ ਪ੍ਰਤੀ ਸੰਜੀਦਗੀ ਦਿਖਾਏ ਤੇ ਦੱਸੇ ਕਿ ਉਹ ਵੀ ਉਨ੍ਹਾਂ ਮੁੱਦਿਆਂ ’ਤੇ ਚਰਚਾ ਲਈ ਤਿਆਰ ਹੈ, ਜਿਨ੍ਹਾਂ ਕਾਰਨ ਦਹਾਕਿਆਂ ਤੋਂ ਸਾਡੇ ਦਰਮਿਆਨ ਦੂਰੀਆਂ ਹਨ।’ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਸਲਿਆਂ ’ਤੇ ਦੁੱਖ ਜ਼ਾਹਿਰ ਕੀਤਾ ਜਿਨ੍ਹਾਂ ਕਾਰਨ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਵਪਾਰ ਤੇ ਨਿਵੇਸ਼ ਰੁਕਿਆ ਹੋਇਆ ਹੈ। -ਆਈਏਐੱਨਐੱਸ