ਗੁਰਚਰਨ ਸਿੰਘ ਕਾਹਲੋਂ
ਸਿਡਨੀ, 15 ਅਪਰੈਲ
ਇੱਥੇ ਪੱਛਮੀ ਸਿਡਨੀ ਵਿੱਚ ਅੱਜ ਸ਼ਾਮ ਵੇਲੇ ਗਿਰਜਾ ਘਰ ਵਿੱਚ ਪਾਦਰੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਦੋਂ ਹੋਇਆ ਜਦੋਂ ਪਾਦਰੀ ਗਿਰਜਾ ਘਰ ਵਿੱਚ ਉਪਦੇਸ਼ ਦੇ ਰਿਹਾ ਸੀ। ਸਾਹਮਣੇ ਬੈਠਿਆਂ ਵਿੱਚੋਂ ਅਚਾਨਕ ਇੱਕ ਨੌਜਵਾਨ ਖੜ੍ਹਾ ਹੋਇਆ ਅਤੇ ਉਸ ਨੇ ਪਾਦਰੀ ਦੇ ਸਿਰ ਅਤੇ ਧੌਣ ’ਤੇ ਚਾਕੂ ਨਾਲ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਪਾਦਰੀ ਥੱਲੇ ਡਿੱਗ ਪਿਆ। ਗਿਰਜਾ ਘਰ ਵਿਚਲੇ ਲੋਕਾਂ ਨੇ ਹਮਲਾਵਰ ਨੂੰ ਦਬੋਚ ਕੇ ਪੁਲੀਸ ਹਵਾਲੇ ਕੀਤਾ। ਇਸ ਘਟਨਾ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋਏ ਹਨ। ਦਿ ਆਸਟਰੇਲੀਅਨ ਯਹੂਦੀ ਐਸੋਸੀਏਸ਼ਨ ਨੇ ਕਿਹਾ ਕਿ ਪੀੜਤ ਪਾਦਰੀ ਮਾਰ ਮਾਰੀ ਇਮੂਅਲ ਹੈ। ਘਟਨਾ ਬਾਰੇ ਪੁਲੀਸ ਨੇ ਹੋਰ ਵੇਰਵੇ ਅਜੇ ਸਾਂਝੇ ਨਹੀਂ ਕੀਤੇ। ਪੁਲੀਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।