ਪੇਈਚਿਗ: ਚੀਨ ਨੇ ਹਵਾ ਵਿੱਚ ਹੀ ਦੁਸ਼ਮਣ ਦੀ ਮਿਜ਼ਾਈਲ ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਦਾ ਸਫ਼ਲ ਪਰੀਖਣ ਕੀਤਾ ਹੈ। ਚੀਨੀ ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਮਿਜ਼ਾਈਲ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਇਹ ਪਰੀਖਣ ਪੂਰੀ ਤਰ੍ਹਾਂ ਰੱਖਿਆਤਮਕ ਸੀ ਅਤੇ ਕਿਸੇ ਵੀ ਦੇਸ਼ ’ਤੇ ਨਿਸ਼ਾਨੇ ਵਜੋਂ ਨਹੀਂ ਸੀ। ਚੀਨ ਦੀ ਰੱਖਿਆ ਪ੍ਰਣਾਲੀ ਵਿੱਚ ਮਿਜ਼ਾਈਲਾਂ ਪ੍ਰਮੁੱਖ ਹਨ ਅਤੇ ਉਸ ਦੇ ਪੁਲਾੜ ਪ੍ਰੋਗਰਾਮ ਦੀ ਨੀਂਹ ਹਨ। ਇਹ ਪਰੀਖਣ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਚੀਨ ਸਵੈ-ਸ਼ਾਸਨ ਵਾਲੇ ਟਾਪੂ ਤਾਇਵਾਨ ਖ਼ਿਲਾਫ਼ ਹਮਲਾਵਰ ਰੁਖ਼ ਵਧਾ ਰਿਹਾ ਹੈ। ਉਹ ਤਾਇਵਾਨ ’ਤੇ ਦਾਅਵਾ ਜਤਾਉਂਦਾ ਹੈ ਤੇ ਕਹਿੰਦਾ ਹੈ ਕਿ ਲੋੜ ਪੈਣ ’ਤੇ ਤਾਇਵਾਨ ’ਤੇ ਕਬਜ਼ੇ ਲਈ ਫ਼ੌਜੀ ਬਲ ਵਰਤ ਸਕਦਾ ਹੈ। -ਪੀਟੀਆਈ