ਕੋਲੰਬੋ, 21 ਜੂਨ
ਸ੍ਰੀਲੰਕਾ ਦੇ ਸਦਨ ਦੇ ਨੇਤਾ ਦਿਨੇਸ਼ ਗੁਣਾਵਰਦਨਾ ਨੇ ਅੱਜ ਇੱਥੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਤੇਲ ਸੰਕਟ ਕਾਰਨ ਸੰਸਦੀ ਸੈਸ਼ਨ ਚਾਰ ਦਿਨਾਂ ਦੀ ਜਗ੍ਹਾ ਦੋ ਦਿਨ ਤੱਕ ਹੀ ਸੀਮਤ ਰਹੇਗਾ। ਸ੍ਰੀਲੰਕਾ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ’ਚੋਂ ਗੁਜ਼ਰ ਰਿਹਾ ਹੈ। ਦੇਸ਼ ਵਿੱਚ ਤੇਲ ਅਤੇ ਦਵਾਈਆਂ ਦੀ ਕਮੀ ਹੈ। ਖਾਣ-ਪੀਣ ਵਾਲੀਆਂ ਵਸਤਾਂ ਦੇ ਭਾਅ ਵੀ ਕਾਫੀ ਵਧ ਗਏ ਹਨ। ਗੁਣਾਵਰਦਨਾ ਨੇ ਐਲਾਨ ਕੀਤਾ, ‘‘ਮੌਜੂਦਾ ਤੇਲ ਸੰਕਟ ਦੇ ਮੱਦੇਨਜ਼ਰ ਅਸੀਂ ਸੰਸਦੀ ਸੈਸ਼ਨਾਂ ਨੂੰ ਸਿਰਫ ਅੱਜ ਅਤੇ ਭਲਕ ਤੱਕ ਸੀਮਤ ਕਰਨ ਦਾ ਫ਼ੈਸਲਾ ਕੀਤਾ ਹੈ।’’ ਅੱਜ ਸਵੇਰੇ ਮੁੱਖ ਵਿਰੋਧੀ ਧਿਰ ਸਾਮਗੀ ਜਨ ਬਲਵੇਗਯਾ ਪਾਰਟੀ ਅਤੇ ਮਾਰਕਸਵਾਦੀ ਨੈਸ਼ਨਲ ਪੀਪਲਜ਼ ਪਾਵਰ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਮੌਜੂਦਾ ਸੰਕਟ ਨਾਲ ਨਜਿੱਠਣ ਵਿੱਚ ਅਸਫ਼ਲ ਰਹੀ ਹੈ, ਜਿਸ ਦੇ ਰੋਸ ਵਜੋਂ ਉਹ ਸੰਸਦੀ ਸੈਸ਼ਨਾਂ ਦਾ ਬਾਈਕਾਟ ਕਰ ਰਹੇ ਹਨ। ਐੱਸਜੇਬੀ ਆਗੂ ਸਜਿਤ ਪ੍ਰੇਮਦਾਸਾ ਨੇ ਕਿਹਾ ਕਿ ਸਰਕਾਰ ਕੋਲ ਸੰਕਟ ਨਾਲ ਨਜਿੱਠਣ ਲਈ ਰਣਨੀਤੀ ਦੀ ਘਾਟ ਹੈ, ਇਸ ਲਈ ਸੰਸਦ ਵਿੱਚ ਸਮਾਂ ਬਿਤਾਉਣ ਦਾ ਕੋਈ ਫਾਇਦਾ ਨਹੀਂ। ਅੱਜ ਦੇ ਸੈਸ਼ਨ ਦੀ ਸ਼ੁਰੂਆਤ ਵਿੱਚ ਸਪੀਕਰ ਮਹਿੰਦਾ ਯਾਪਾ ਅਬੇਵਰਧਨੇ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦੀ ਸੰਵਿਧਾਨ ਵਿੱਚ 21ਵੀਂ ਸੋਧ ਸਬੰਧੀ ਤਜਵੀਜ਼ ’ਤੇ ਕੌਮੀ ਰਾਏਸ਼ੁਮਾਰੀ ਦੀ ਲੋੜ ਹੈ ਕਿਉਂਕਿ ਇਸ ਦੀਆਂ ਜ਼ਿਆਦਾਤਰ ਮੱਦਾਂ ਸੰਵਿਧਾਨ ਦੇ ਉਲਟ ਹਨ। ਉਹ ਸੁਪਰੀਮ ਕੋਰਟ ਦਾ ਫ਼ੈਸਲਾ ਪੜ੍ਹ ਕੇ ਸੁਣਾ ਰਹੇ ਸਨ। -ਪੀਟੀਆਈ