ਕੋਲੰਬੋ, 21 ਅਕਤੂਬਰ
ਸ੍ਰੀਲੰਕਾ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘਟਾਉਣ, ਭ੍ਰਿਸ਼ਟਾਚਾਰ ਵਿਰੋਧੀ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਆਜ਼ਾਦੀ ਤੋਂ ਬਾਅਦ ਸਭ ਤੋਂ ਭੈੜੇ ਆਰਥਿਕ ਸੰਕਟ ਵਿੱਚੋਂ ਕੱਢਣ ਦਾ ਰਾਹ ਲੱਭਣ ਵਿੱਚ ਮਦਦ ਕਰਨ ਦੇ ਉਦੇਸ਼ ਨਾਲ ਇੱਕ ਸੰਵਿਧਾਨਕ ਸੋਧ ਪਾਸ ਕੀਤੀ ਹੈ। ਸ੍ਰੀਲੰਕਾ ਨੇ ਦਰਾਮਦ ਜ਼ਰੂਰੀ ਵਸਤਾਂ ਜਿਵੇਂ ਪੈਟਰੋਲੀਅਮ, ਖ਼ੁਰਾਕ, ਰਸੋਈ ਗੈਸ ਅਤੇ ਦਵਾਈਆਂ ਦੇ ਭੁਗਤਾਨ ਲਈ ਆਰਥਿਕ ਮਦਦ ਪ੍ਰਾਪਤ ਕਰਨ ਲਈ ਮਹੀਨਿਆਂਬੱਧੀ ਜੱਦੋ-ਜਹਿਦ ਕੀਤੀ ਹੈ। ਬਹੁਤੇ ਸ੍ਰੀਲੰਕਾ ਵਾਸੀਆਂ ਨੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ’ਤੇ ਟੈਕਸਾਂ ਵਿੱਚ ਕਟੌਤੀ ਕਰਨ, ਰਸਾਇਣਕ ਖਾਦਾਂ ’ਤੇ ਪਾਬੰਦੀ ਲਾਉਣ ਅਤੇ ਕੌਮਾਂਤਰੀ ਮੁਦਰਾ ਫੰਡ ਤੋਂ ਸਹਾਇਤਾ ਵਿੱਚ ਦੇਰੀ ਕਰਨ ਸਮੇਤ ਵੱਖ ਵੱਖ ਨੀਤੀਆਂ ਲਾਗੂ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਹੈ। ਇਨ੍ਹਾਂ ਕਾਰਨਾਂ ਕਰ ਕੇ ਦੇਸ਼ ਇਤਿਹਾਸਕ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਪਹਿਲੀ ਵਾਰ ਵਿਦੇਸ਼ੀ ਕਰਜ਼ਾ ਚੁਕਾਉਣ ਵਿੱਚ ਨਾਕਾਮ ਰਿਹਾ ਹੈ। -ਰਾਇਟਰਜ਼