ਲੰਡਨ, 28 ਜੁਲਾਈ
ਕੰਜ਼ਰਵੇਟਿਵ ਪਾਰਟੀ ਦੇ ਆਗੂ ਰਿਸ਼ੀ ਸੂਨਕ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਬਣੇ ਤਾਂ ਉਹ ਬੱਚਿਆਂ ਅਤੇ ਮੁਟਿਆਰਾਂ ਨੂੰ ਆਪਣੇ ਜਾਲ ’ਚ ਫਸਾਉਣ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਗਰੋਹ ਚਲਾ ਰਹੇ ਵਿਅਕਤੀਆਂ ਲਈ ਉਹ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮਹਿਲਾਵਾਂ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦੀ ਤਸਵੀਰ ਖਿੱਚਣ ਦੇ ਰੁਝਾਨ ’ਤੇ ਵੀ ਪਾਬੰਦੀ ਲਗਾਉਣਗੇ। ਦੋ ਧੀਆਂ ਅਨੁਸ਼ਕਾ ਅਤੇ ਕ੍ਰਿਸ਼ਨਾ ਦੇ ਪਿਤਾ ਸੂਨਕ ਨੇ ਕਿਹਾ ਕਿ ਮਹਿਲਾਵਾਂ ਅਤੇ ਲੜਕੀਆਂ ਖ਼ਿਲਾਫ਼ ਜਿਨਸੀ ਹਿੰਸਾ ਨੂੰ ਖ਼ਤਮ ਕਰਨ ਲਈ ਕੌਮੀ ਐਮਰਜੈਂਸੀ ਵਾਂਗ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ