ਵਾਸ਼ਿੰਗਟਨ/ਇਸਲਾਮਾਬਾਦ, 14 ਅਕਤੂਬਰ
ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਖਿਲਾਫ਼ ਇਥੇ ਡਲਸ ਕੌਮਾਂਤਰੀ ਹਵਾਈ ਅੱਡੇ ’ਤੇ ਅਣਪਛਾਤੇ ਵਿਅਕਤੀਆਂ ਨੇ ਨਾਅਰੇਬਾਜ਼ੀ ਕੀਤੀ। ਡਾਰ ਆਲਮੀ ਵਿੱਤੀ ਸੰਸਥਾਵਾਂ ਨਾਲ ਮੀਟਿੰਗ ਕਰਨ ਲਈ ਵਾਸ਼ਿੰਗਟਨ ਪੁੱਜੇ ਸਨ। ਹੜ੍ਹਾਂ ਦੇ ਝੰਬੇ ਤੇ ਨਗ਼ਦੀ ਦੀ ਘਾਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਵਿੱਤੀ ਮਦਦ ਵੀ ਵੱਡੀ ਲੋੜ ਹੈ। ਲੰਘੇ ਦਿਨ ਟਵਿੱਟਰ ’ਤੇ ਵਾਇਰਲ ਹੋਈ ਵੀਡੀਓ ਵਿੱਚ ਡਾਰ, ਜਿਨ੍ਹਾਂ ਨਾਲ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਮਸੂਦ ਖ਼ਾਨ ਤੇ ਹੋਰ ਅਧਿਕਾਰੀ ਵੀ ਹਨ, ਦਾ ਕੁਝ ਲੋਕ ਹਵਾਈ ਅੱਡੇ ’ਤੇ ਮਖੌਲ ਉਡਾਉਂਦਿਆਂ ਨਜ਼ਰ ਆ ਰਹੇ ਹਨ। ਕਲਿੱਪ ਵਿੱਚ ਅਣਪਛਾਤੇ, ਡਾਰ ਵੱਲ ਇਸ਼ਾਰਾ ਕਰਦਿਆਂ ‘ਚੋਰ ਚੋਰ’ ਦੇ ਨਾਅਰੇ ਲਾਉਂਦੇ ਵੀ ਸੁਣਦੇ ਹਨ। ਅਜਿਹੀ ਹੀ ਵੀਡੀਓ ਵਿੱਚ ਇਕ ਵਿਅਕਤੀ ਇਹ ਕਹਿੰਦਾ ਸੁਣਦਾ ਹੈ, ‘‘ਤੂੰ ਝੂਠਾ ਹੈਂ। ਤੂੰ ਚੋਰ ਹੈਂ।’ ਡਾਰ ਫੌਰੀ ਜਵਾਬ ਦਿੰਦਿਆਂ ਕਹਿੰਦੇ ਨੇ: ‘‘ਤੂੰ ਚੋਰ ਹੈਂ।’’ ਡਾਅਨ ਅਖ਼ਬਾਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਵਰਜੀਨੀਆ ਚੈਪਟਰ ਦਾ ਮੁਖੀ ਮਾਨੀ ਭੱਟ, ਜੋ ਇਸ ਮੌਕੇ ਡਾਰ ਨਾਲ ਮੌਜੂਦ ਸੀ, ਵੀ ਇਨ੍ਹਾਂ ਅਣਪਛਾਤਿਆਂ ਨਾਲ ਉਲਝਦਾ ਵਿਖਾਈ ਦੇ ਰਿਹਾ ਹੈ। -ਪੀਟੀਆਈ