ਸਿੰਗਾਪੁਰ: ਸਿੰਗਾਪੁਰ ਗਲੋਬਲ ਕੁਨੈਕਟੀਵਿਟੀ ਦੇ ਨਾਲ ਇਕ ਕੌਮਾਂਤਰੀ ਹਵਾਬਾਜ਼ੀ ਕੇਂਦਰ ਦੇ ਰੂਪ ਵਿਚ ਆਪਣੇ ਦਰਜੇ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਤਹਿਤ ਛੇ ਹੋਰ ਦੇਸ਼ਾਂ ਦੇ ਪੂਰਾ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਅਗਲੇ ਮਹੀਨੇ ਤੋਂ ਇਕਾਂਤਵਾਸ ਤੋਂ ਛੋਟ ਦੇਵੇਗਾ। ਕੌਮੀ ਹਵਾਬਾਜ਼ੀ ਅਥਾਰਿਟੀ ਨੇ ਅੱਜ ਇਹ ਐਲਾਨ ਕੀਤਾ। ਸਿੰਗਾਪੁਰ ਹਵਾਬਾਜ਼ੀ ਅਥਾਰਿਟੀ (ਸੀਏਏਐੱਸ) ਨੇ ਦੱਸਿਆ ਕਿ ਥਾਈਲੈਂਡ ਦੇ ਪੂਰਾ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ 14 ਦਸੰਬਰ ਤੋਂ ਇਕਾਂਤਵਾਸ ਵਿਚ ਰਹਿਣ ਦੀ ਲੋੜ ਨਹੀਂ ਹੋਵੇਗੀ ਅਤੇ ਕੰਬੋਡੀਆ, ਫਿਜ਼ੀ, ਮਾਲਦੀਵ, ਸ੍ਰੀਲੰਕਾ ਅਤੇ ਤੁਰਕੀ ਤੋਂ ਆਉਣ ਵਾਲੇ ਯਾਤਰੀਆਂ ਨੂੰ ਇਹ ਸੁਵਿਧਾ 16 ਦਸੰਬਰ ਤੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿੰਗਾਪੁਰ ਨੇ ਜਿਨ੍ਹਾਂ ਦੇਸ਼ਾਂ ਦੇ ਪੂਰਾ ਟੀਕਾਕਰਨ ਕਰਵਾ ਚੁੱਕੇ ਯਾਤਰੀਆਂ ਨੂੰ ਇਕਾਂਤਵਾਸਤ ਤੋਂ ਛੋਟ ਦਿੱਤੀ ਹੈ, ਉਨ੍ਹਾਂ ਦੇਸ਼ਾਂ ਦੀ ਗਿਣਤੀ ਵਧ ਕੇ ਹੁਣ 27 ਹੋ ਗਈ ਹੈ। ਇਨ੍ਹਾਂ ਦੇਸ਼ਾਂ ਦੇ ਯਾਤਰੀਆਂ ਨੂੰ ਸਿਰਫ਼ ਕੋਵਿਡ-19 ਦੀ ਜਾਂਚ ਕਰਵਾਉਣੀ ਹੋਵੇਗੀ। -ਪੀਟੀਆਈ