ਤੈਪਈ, 31 ਅਗਸਤ
ਤਾਇਵਾਨੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਚੀਨੀ ਤੱਟ ਨੇੜੇ ਆਪਣੀਆਂ ਪੋਸਟਾਂ ’ਤੇ ਉੱਡ ਰਹੇ ਚੀਨੀ ਡਰੋਨਾਂ ’ਤੇ ਚਿਤਾਵਨੀ ਵਜੋਂ ਗੋਲੀਬਾਰੀ ਕੀਤੀ ਹੈ। ਇਹ ਕਦਮ ਤਾਇਵਾਨ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਨੂੰ ਦਰਸਾਉਂਦਾ ਹੈ। ਤਾਇਵਾਨ ਨੇ ਕਿਹਾ ਕਿ ਉਹ ਚੀਨ ਦੀ ਕਿਸੇ ਵੀ ਭੜਕਾਹਟ ਵਾਲੀ ਕਾਰਵਾਈ ਦਾ ਜਵਾਬ ਦੇਣ ਲਈ ਦ੍ਰਿੜ੍ਹ ਹੈ। ਤਾਇਵਾਨੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਮੰਗਲਵਾਰ ਨੂੰ ਕਿਨਮੇਨ ਟਾਪੂ ’ਤੇ ਡਰੋਨ ਉੱਡਦੇ ਦੇਖ ਕੇ ਇਹ ਕਦਮ ਚੁੱਕਿਆ। ਇਹ ਮਨੁੱਖ ਰਹਿਤ ਵਾਹਨ ‘ਲੋਕਾਂ ਦੀ ਵਰਤੋਂ’ ਲਈ ਸੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਬਿਆਨ ਅਨੁਸਾਰ ਉਨ੍ਹਾਂ ਵੱਲੋਂ ਗੋਲੀਬਾਰੀ ਕਰਨ ਮਗਰੋਂ ਡਰੋਨ ਨੇੜਲੇ ਚੀਨੀ ਸ਼ਹਿਰ ਸ਼ਿਆਮੈੱਨ ਵੱਲ ਚਲੇ ਗਏ। -ਏਪੀ