ਸੰਯੁਕਤ ਰਾਸ਼ਟਰ, 9 ਦਸੰਬਰ
ਕੇਂਦਰੀ ਮਾਲੀ ਵਿਚ ਬੁੱਧਵਾਰ ਨੂੰ ਇਕ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਕੇ ਸੰਯੁਕਤ ਰਾਸ਼ਟਰ ਦੇ ਸੱਤ ਸ਼ਾਂਤੀ ਰੱਖਿਅਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸ਼ਾਂਤੀ ਰੱਖਿਅਕਾਂ ਦਾ ਵਾਹਨ ਬਾਰੂਦੀ ਸੁਰੰਗ ਨਾਲ ਉਡਾ ਦਿੱਤਾ ਗਿਆ। ਇਸ ਤਾਜ਼ਾ ਘਟਨਾ ਵਿਚ ਹੋਈਆਂ ਮੌਤਾਂ ਨਾਲ ਗੜਬੜ ਵਾਲੇ ਇਸ ਪੱਛਮੀ ਅਫ਼ਰੀਕੀ ਦੇਸ਼ ਵਿਚ ਇਸ ਸਾਲ ਹੁਣ ਤੱਕ ਜਾਨਾਂ ਗੁਆਉਣ ਵਾਲੇ ਸੰਯੁਕਤ ਰਾਸ਼ਟਰ ਦੇ ਸੈਨਿਕਾਂ ਦੀ ਗਿਣਤੀ 19 ਹੋ ਚੁੱਕੀ ਹੈ।
ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਜਾਨਾਂ ਗੁਆਉਣ ਵਾਲੇ ਅਤੇ ਜ਼ਖ਼ਮੀ ਹੋਏ ਸਾਰੇ ਸ਼ਾਂਤੀ ਰੱਖਿਅਕ ਟੋਗੋ ਨਾਲ ਸਬੰਧਤ ਸਨ। ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਵਿਭਾਗ ਨੇ ਕਿਹਾ ਕਿ ਇਸ ਸਾਲ ਸ਼ਾਂਤੀ ਰੱਖਿਅਕਾਂ ਦਾ ਇਹ ਸਭ ਤੋਂ ਵੱਡਾ ਹਮਲਾ ਹੈ, ਜਿਸ ਵਿਚ ਸਭ ਤੋਂ ਵੱਧ ਸੱਤ ਮੌਤਾਂ ਹੋਈਆਂ ਹਨ।
ਮਾਲੀ 2012 ਤੋਂ ਇਸਲਾਮਿਕ ਕੱੱਟੜਤਾ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਫਰਾਂਸ ਦੀ ਅਗਵਾਈ ਹੇਠ ਫ਼ੌਜੀ ਕਾਰਵਾਈ ਦੀ ਮਦਦ ਨਾਲ ਕੱਟੜਪੰਥੀ ਬਾਗੀਆਂ ਨੂੰ ਮਾਲੀ ਦੇ ਉੱਤਰੀ ਸ਼ਹਿਰਾਂ ਵਿਚ ਸੱਤਾ ਤੋਂ ਬੇਦਖਲ ਕਰ ਦਿੱਤਾ ਗਿਆ ਸੀ ਪਰ ਉਹ ਮਾਰੂਥਲ ਵਿਚ ਮੁੜ ਇਕੱਠੇ ਹੋ ਗਏ ਅਤੇ ਮਾਲੀ ਦੀ ਫ਼ੌਜ ਤੇ ਉਸ ਦੇ ਸਹਿਯੋਗੀਆਂ ’ਤੇ ਹਮਲੇ ਸ਼ੁਰੂ ਕਰ ਦਿੱਤੇ। ਨਾਗਰਿਕਾਂ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ’ਤੇ ਹਮਲਿਆਂ ਦੀ ਸਥਿਤੀ ਹੋਰ ਖਰਾਬ ਹੋ ਗਈ ਹੈ।
ਦੁਜਾਰਿਕ ਨੇ ਦੱਸਿਆ ਕਿ ਇਹ ਬਾਰੂਦੀ ਸੁਰੰਗ ਬਾਂਦੀਆਗਰਾ ਖੇਤਰ ਵਿਚ ਫਟੀ ਅਤੇ ਟੋਗੋ ਤੋਂ ਸ਼ਾਂਤੀ ਰੱਖਿਅਕਾਂ ਨੂੰ ਲੈ ਕੇ ਜਾ ਰਿਹਾ ਵਾਹਨ ਇਸ ਦੀ ਲਪੇਟ ਵਿਚ ਆ ਗਿਆ। ਇਹ ਸਾਰੇ ਸ਼ਾਂਤੀ ਰੱਖਿਅਕ ਡੂਇੰਟਜ਼ਾ ਤੋਂ ਸੈਵਾਰੇ ਜਾਣ ਵਾਲੇ ਸੰਯੁਕਤ ਰਾਸ਼ਟਰ ਦੇ ਰਸਦ ਕਾਫਲੇ ਦਾ ਹਿੱਸਾ ਸਨ। ਉੱਧਰ, ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਆ ਵਿਭਾਗ ਨੇ ਦੱਸਿਆ ਕਿ ਸ਼ਾਂਤੀ ਰੱਖਿਅਕ ਇਕ ਬਖਤਰਬੰਦ ਵਾਹਨ ਵਿਚ ਸਵਾਰ ਸਨ। -ਏਪੀ
ਗੁਟੇਰੇਜ਼ ਵੱਲੋਂ ਅਪਰਾਧੀਆਂ ਨੂੰ ਜਲਦੀ ਕਾਨੂੰਨ ਦੇ ਦਾਇਰੇ ’ਚ ਲਿਆਉਣ ਦੀ ਅਪੀਲ
ਸੰਯੁਕਤ ਰਾਸ਼ਟਰ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਮਾਲੀ ਦੇ ਅਧਿਕਾਰੀਆਂ ਨੂੰ ਇਸ ਹਮਲੇ ਦੇ ਅਪਰਾਧੀਆਂ ਦੀ ਪਛਾਣ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡਣ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਜਲਦੀ ਨਿਆਂ ਦੇ ਦਾਇਰੇ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਪੀੜਤ ਪਰਿਵਾਰਾਂ, ਸਰਕਾਰ ਅਤੇ ਟੋਗੋ ਦੇ ਲੋਕਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਜ਼ਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ।