ਮਾਸਕੋ, 21 ਸਤੰਬਰ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਨਾਲ ਜੰਗ ਦੌਰਾਨ ਲੱਗੇ ਝਟਕਿਆਂ ਮਗਰੋਂ ਦੇਸ਼ ’ਚ ਤਿੰਨ ਲੱਖ ਜਵਾਨਾਂ ਦੀ ਤਾਇਨਾਤੀ ਦਾ ਐਲਾਨ ਕੀਤਾ ਹੈ। ਰੂਸੀ ਰਾਸ਼ਟਰਪਤੀ ਨੇ ਟੀਵੀ ’ਤੇ ਮੁਲਕ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਦਮ ਜ਼ਰੂਰੀ ਹੋ ਗਿਆ ਸੀ ਕਿਉਂਕਿ ਰੂਸ ਪੱਛਮ ਦੀ ਪੂਰੀ ਫ਼ੌਜ ਨਾਲ ਜੰਗ ਲੜ ਰਿਹਾ ਹੈ। ਉਨ੍ਹਾਂ ਪੱਛਮੀ ਮੁਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਰੂਸ ਆਪਣੇ ਖੇਤਰ ਦੀ ਰੱਖਿਆ ਲਈ ਹਰਸੰਭਵ ਕਦਮ ਉਠਾਏਗਾ ਅਤੇ ਇਹ ਸਿਰਫ਼ ਕੋਰੀ ਬਿਆਨਬਾਜ਼ੀ ਨਹੀਂ ਹੈ। ਪੂਤਿਨ ਨੇ ਕਿਹਾ ਕਿ ਰੂਸੀ ਸਰਹੱਦੀ ਇਲਾਕਿਆਂ ਅਤੇ ਆਜ਼ਾਦ ਕਰਵਾਏ ਗਏ ਖ਼ਿੱਤਿਆਂ ’ਤੇ ਯੂਕਰੇਨੀ ਫ਼ੌਜ ਵੱਲੋਂ ਲਗਾਤਾਰ ਕੀਤੀ ਜਾ ਰਹੀ ਗੋਲਾਬਾਰੀ ਕਾਰਨ ਇਨ੍ਹਾਂ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਪੂਤਿਨ ਦਾ ਜਿਵੇਂ ਹੀ ਸੰਬੋਧਨ ਖ਼ਤਮ ਹੋਇਆ ਤਾਂ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਐਲਾਨ ਕੀਤਾ ਕਿ ਤਿੰਨ ਲੱਖ ਲੋਕਾਂ ਨੂੰ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਆਮ ਨਾਗਰਿਕ ਮਿਲਟਰੀ ਰਿਜ਼ਰਵ ਫੋਰਸ ਦੇ ਮੈਂਬਰ ਹੁੰਦੇ ਹਨ ਜਿਨ੍ਹਾਂ ਨੂੰ ਲੋੜ ਪੈਣ ’ਤੇ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਉਧਰ ਯੂਕਰੇਨ ’ਚ ਅਮਰੀਕੀ ਸਫ਼ੀਰ ਬ੍ਰਿਜੇਟ ਬ੍ਰਿੰਕ ਨੇ ਪੂਤਿਨ ਦੇ ਇਸ ਐਲਾਨ ਨੂੰ ਰੂਸ ਦੀ ਨਾਕਾਮੀ ਅਤੇ ਕਮਜ਼ੋਰੀ ਦਾ ਸੰਕੇਤ ਦੱਸਿਆ। ਬ੍ਰਿਟਿਸ਼ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਉਹ ਯੂਕਰੇਨ ਦਾ ਸਾਥ ਦਿੰਦੇ ਰਹਿਣਗੇ। ਪੂਤਿਨ ਨੇ ਕਿਹਾ,‘‘ਪੱਛਮੀ ਮੁਲਕ ਖੁੱਲ੍ਹੇਆਮ ਆਖ ਰਹੇ ਹਨ ਕਿ 1991 ’ਚ ਉਨ੍ਹਾਂ ਸੋਵੀਅਤ ਯੂਨੀਅਨ ਨੂੰ ਵੰਡ ਦਿੱਤਾ ਸੀ ਅਤੇ ਹੁਣ ਉਹ ਰੂਸ ਨਾਲ ਵੀ ਇੰਜ ਹੀ ਕਰਨਗੇ।’’ ਉਨ੍ਹਾਂ ਯੂਕਰੇਨ ਸਰਕਾਰ ’ਤੇ ਨਾਟੋ ਫ਼ੌਜਾਂ ਦੀ ਸਹਾਇਤਾ ਨਾਲ ਰੂਸ ’ਤੇ ਹਮਲੇ ਕਰਨ ਦਾ ਦੋਸ਼ ਵੀ ਲਾਇਆ। -ਪੀਟੀਆਈ
ਯੂਕਰੇਨ ’ਚ ਰੂਸ ਦੀ ਰਾਏਸ਼ੁਮਾਰੀ ਇਕ ਢੌਂਗ: ਅਮਰੀਕਾ
ਵਾਸ਼ਿੰਗਟਨ: ਅਮਰੀਕਾ ਨੇ ਰੂਸ ਵੱਲੋਂ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਖ਼ਿੱਤਿਆਂ ’ਚ ਵੋਟਿੰਗ ਕਰਾਉਣ ਦੀ ਯੋਜਨਾ ਨੂੰ ਢੌਂਗ ਕਰਾਰ ਦਿੰਦਿਆਂ ਕਿਹਾ ਕਿ ਇਹ ਖੁਦਮੁਖਤਿਆਰੀ ਅਤੇ ਖੇਤਰੀ ਅਖੰਡਤਾ ਦੇ ਸਿਧਾਂਤਾਂ ਦੇ ਉਲਟ ਹੈ। ਕੌਮੀ ਸੁਰੱਖਿਆ ਸਲਾਹਕਾਰ ਜੇਕ ਸੂਲੀਵਾਨ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਨਾਲ ਛੇੜਖਾਨੀ ਕੀਤੀ ਜਾਵੇਗੀ ਅਤੇ ਅਮਰੀਕਾ ਅਜਿਹੇ ਕਿਸੇ ਰੂਸੀ ਦਾਅਵੇ ਨੂੰ ਕਦੇ ਵੀ ਮਾਨਤਾ ਨਹੀਂ ਦੇਵੇਗਾ। -ਪੀਟੀਆਈ
ਪੂਤਿਨ ਦਾ ਫ਼ੈਸਲਾ ਰੂਸੀ ਲੋਕਾਂ ਲਈ ਵੱਡੀ ਤ੍ਰਾਸਦੀ: ਯੂਕਰੇਨ
ਕੀਵ: ਯੂਕਰੇਨ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਤਰਜਮਾਨ ਨੇ ਰੂਸ ਵੱਲੋਂ ਜਵਾਨਾਂ ਨੂੰ ਅੰਸ਼ਕ ਤੌਰ ’ਤੇ ਤਾਇਨਾਤ ਕਰਨ ਦੇ ਫ਼ੈਸਲੇ ਨੂੰ ਰੂਸੀ ਲੋਕਾਂ ਲਈ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਖ਼ਬਰ ਏਜੰਸੀ ਨੂੰ ਜਾਰੀ ਬਿਆਨ ’ਚ ਸਰਗੀ ਨਿਕੋਫੋਰੋਵ ਨੇ ਕਿਹਾ ਕਿ ਇਹ ਫ਼ੈਸਲਾ ਰੂਸੀ ਮਾਹਿਰ ਫ਼ੌਜ ਦੀ ਅਸਮਰੱਥਤਾ ਨੂੰ ਦਰਸਾਉਂਦਾ ਹੈ ਜੋ ਪੂਰੀ ਤਰ੍ਹਾਂ ਹਰ ਮੋਰਚੇ ’ਤੇ ਨਾਕਾਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਰੂਸੀ ਸਰਕਾਰ ਆਪਣੇ ਹੀ ਲੋਕਾਂ ’ਤੇ ਤਸ਼ੱਦਦ ਢਾਹੁਣ ’ਤੇ ਲੱਗੀ ਹੋਈ ਹੈ ਅਤੇ ਜਦੋਂ ਇਹ ਸਿਲਸਿਲਾ ਰੁਕ ਜਾਵੇਗਾ ਤਾਂ ਥੋੜੇ ਹੀ ਰੂਸੀ ਪੁੱਤ ਮੋਰਚਿਆਂ ’ਤੇ ਮਰਨ ਲਈ ਜਾਣਗੇ। -ਏਪੀ
ਜਰਮਨੀ ਵੱਲੋਂ ਪੂਤਿਨ ਦੇ ਨੇੜਲੇ ਸਾਥੀ ਨਾਲ ਸਬੰਧਤ 24 ਸੰਪਤੀਆਂ ’ਤੇ ਛਾਪੇ
ਬਰਲਿਨ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਨੇੜਲੇ ਸਾਥੀ ਅਲੀਸ਼ੇਰ ਉਸਮਾਨੋਵ ਨਾਲ ਸਬੰਧਤ ਦੋ ਦਰਜਨ ਸੰਪਤੀਆਂ ’ਤੇ ਕਰੀਬ 250 ਪੁਲੀਸ ਅਧਿਕਾਰੀਆਂ ਨੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਪਾਬੰਦੀਆਂ ਦੀ ਉਲੰਘਣਾ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਨੇਮਾਂ ਨੂੰ ਅਣਗੌਲਿਆ ਕਰਨ ਦੇ ਸਬੰਧ ’ਚ ਇਹ ਛਾਪੇ ਮਾਰੇ ਗਏ ਹਨ। ਫਰੈਂਕਫਰਟ ਜਾਂਚ ਏਜੰਸੀ ਨੇ ਸ਼ੱਕੀ ਦਾ ਨਾਮ ਨਹੀਂ ਦੱਸਿਆ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਰੂਸੀ ਕਾਰੋਬਾਰੀ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ ਪਰ ਜਰਮਨ ਹਫ਼ਤਾਵਾਰੀ ਡੇਰ ਸਪੀਜੇਲ ਨੇ ਉਸ ਦਾ ਨਾਮ ਉਸਮਾਨੋਵ ਦੱਸਿਆ ਹੈ। ਉਨ੍ਹਾਂ ਕਿਹਾ ਕਿ ਟੈਕਸ ਚੋਰੀ ਕਰਕੇ ਉਸ ਪੈਸੇ ਨੂੰ ਸੁਰੱਖਿਆ ਕੰਪਨੀਆਂ ਨੂੰ ਦਿੱਤਾ ਗਿਆ ਜੋ ਇਨ੍ਹਾਂ ਸੰਪਤੀਆਂ ਦੀ ਸੁਰੱਖਿਆ ’ਚ ਲੱਗੀਆਂ ਹੋਈਆਂ ਹਨ। -ਏਪੀ