ਪਰਾਗ (ਚੈੱਕ ਰਿਪਬਲਿਕ), 17 ਜੂਨ
ਰੂਸ ਨੇ ਅੱਜ ਫਿਰ ਤੋਂ ਯੂਰਪੀ ਦੇਸ਼ਾਂ ਨੂੰ ਕੁਦਰਤੀ ਗੈਸ ਦੀ ਬਰਾਮਦ ਘਟਾ ਦਿੱਤੀ ਹੈ। ਰੂਸ ਨੇ ਇਟਲੀ ਤੇ ਸਲੋਵਾਕੀਆ ਨੂੰ ਕੁਦਰਤੀ ਗੈਸ ਦੀ ਸਪਲਾਈ ਅੱਧੀ ਕਰ ਦਿੱਤੀ ਹੈ ਜਦਕਿ ਫਰਾਂਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ ਕਿਉਂਕਿ ਯੂਕਰੇਨ ਵਿੱਚ ਜੰਗ ਵਿਚਾਲੇ ਇਹ ਦੇਸ਼ ਰੂਸ ’ਤੇ ਆਪਣੀ ਨਿਰਭਰਤਾ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅੱਜ ਤੀਜੇ ਦਿਨ ਵੀ ਯੂਰਪ ਵਿੱਚ ਸਨਅਤਾਂ ਨੂੰ ਊਰਜਾ ਦੇਣ ਅਤੇ ਬਿਜਲੀ ਪੈਦਾ ਕਰਨ ਲਈ ਇਸਤੇਮਾਲ ਹੁੰਦੀ ਕੁਦਰਤੀ ਗੈਸ ਦੀ ਸਪਲਾਈ ਵਿੱਚ ਕਾਫੀ ਕਟੌਤੀ ਕੀਤੀ ਗਈ। ਉਧਰ, ਰੂਸ ਦਾ ਕਹਿਣਾ ਹੈ ਕਿ ਜਰਮਨੀ ਤੇ ਫਰਾਂਸ ਨੂੰ ਗੈਸ ਸਪਲਾਈ ਕਰਨ ਵਾਲੀ ਪ੍ਰਮੁੱਖ ਪਾਈਪਲਾਈਨ ਵਿੱਚ ਤਕਨੀਕੀ ਨੁਕਸ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਇਸ ਤਕਨੀਕੀ ਨੁਕਸ ਨੂੰ ਠੀਕ ਕਰਨ ਲਈ ਵਰਤੇ ਜਾਂਦੇ ਉਪਕਰਨਾਂ ਦੀ ਮੁਰੰਮਤ ਕੈਨੇਡਾ ਵਿੱਚ ਹੁੰਦੀ ਹੈ ਜੋ ਕਿ ਪੱਛਮੀ ਪਾਬੰਦੀਆਂ ਕਰ ਕੇ ਉੱਥੇ ਹੀ ਫਸੇ ਹੋਏ ਹਨ। ਜਰਮਨੀ ਤੇ ਇਟਲੀ ਦੇ ਆਗੂਆਂ ਨੇ ਗੈਸ ਸਪਲਾਈ ਘਟਾਉਣ ਨੂੰ ਇਕ ਸਿਆਸੀ ਪੈਂਤੜਾ ਕਰਾਰ ਦਿੱਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਗੈਸ ਸਪਲਾਈ ਘਟਾ ਕੇ ਹਰੇਕ ਦੇਸ਼ ਅਤੇ ਸਮੁੱਚੇ ਯੂਰਪ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਹੰਗਰੀ ਵਿੱਚ ਪੰਪਾਂ ’ਤੇ ਗੈਸ ਕੀਮਤਾਂ ’ਚ ਛੋਟ ਦਿੱਤੀ ਜਾ ਰਹੀ ਹੈ ਪਰ ਜੇਕਰ ਤੁਹਾਡੇ ਕੋਲ ਵਿਦੇਸ਼ੀ ਲਾਇਸੈਂਸ ਹੈ ਤਾਂ ਤੁਹਾਨੂੰ ਇਹ ਛੋਟ ਨਹੀਂ ਮਿਲੇਗੀ। -ਏਪੀ
ਪੂਤਿਨ ਵੱਲੋਂ ਪੱਛਮੀ ਪਾਬੰਦੀਆਂ ਦਾ ਜ਼ੋਰਦਾਰ ਵਿਰੋਧ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਸੇਂਟ ਪੀਟਰਜ਼ਬਰਗ ਕੌਮਾਂਤਰੀ ਆਰਥਿਕ ਫੋਰਮ ਨੂੰ ਸੰਬੋਧਨ ਕਰਦਿਆਂ ਪੱਛਮੀ ਮੁਲਕਾਂ ’ਤੇ ਬਸਤੀਵਾਦੀ ਹੰਕਾਰ ਤਹਿਤ ਉਨ੍ਹਾਂ ਦੇ ਦੇਸ਼ ਨੂੰ ਦਰੜਨ ਲਈ ਮੂਰਖਾਨਾ ਪਾਬੰਦੀਆਂ ਲਗਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ, ‘‘ਅਸੀਂ ਮਜ਼ਬੂਤ ਲੋਕ ਹਾਂ ਅਤੇ ਕਿਸੇ ਵੀ ਚੁਣੌਤੀ ਨਾਲ ਨਿਪਟ ਸਕਦੇ ਹਾਂ।’’ -ਰਾਇਟਰਜ਼