ਸੰਯੁਕਤ ਰਾਸ਼ਟਰ, 12 ਮਾਰਚ
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐੱਸ ਤ੍ਰਿਮੂਰਤੀ ਨੇ ਕਿਹਾ ਕਿ ਜੈਵਿਕ ਤੇ ਜ਼ਹਿਰੀਲੇ ਹਥਿਆਰ ਸੰਧੀ ਤਹਿਤ ਕਿਸੇ ਵੀ ਮਸਲੇ ਨੂੰ ਸਾਰੀਆਂ ਸਬੰਧਿਤ ਧਿਰਾਂ ਵੱਲੋਂ ਵਿਆਪਕ ਚਰਚਾ ਅਤੇ ਆਪਸੀ ਸਹਿਯੋਗ ਨਾਲ ਸੁਲਝਾਇਆ ਜਾਣਾ ਚਾਹੀਦਾ ਹੈ। ਸੁਰੱਖਿਆ ਕੌਂਸਲ ਵਿੱਚ ਯੂਕਰੇਨ ਵਿੱਚ ਕਥਿਤ ਜੈਵਿਕ ਪ੍ਰਯੋਗਸ਼ਾਲਾਵਾਂ ਦੇ ਮਸਲੇ ’ਤੇ ਚਰਚਾ ਕੀਤੀ ਗਈ। ਰੂਸ ਨੇ ਇਹ ਕਹਿੰਦਿਆਂ ਸੁਰੱਖਿਆ ਕੌਂਸਲ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ ਹੈ ਕਿ ਅਮਰੀਕਾ ਦੀ ਹਮਾਇਤ ਨਾਲ ਯੂਕਰੇਨ ਰਾਸਾਇਣਕ ਤੇ ਜੈਵਿਕ ਪ੍ਰਯੋਗਸ਼ਾਲਾਵਾਂ ਚਲਾ ਰਿਹਾ ਹੈ। ਹਾਲਾਂਕਿ ਅਮਰੀਕਾ ਨੇ ਇਨ੍ਹਾਂ ਦੋਸ਼ਾਂ ਤੋਂ ਪੂਰੀ ਤਰ੍ਹਾਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਯੂਕਰੇਨ ਦੀ ਸਥਿਤੀ ’ਤੇ ਵਾਰ ਵਾਰ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ।’’ -ਪੀਟੀਆਈ
‘ਰੂਸ ਦੇ ਬਿਆਨ ਦਾ ਲਿਆ ਨੋਟਿਸ’
ਜੈਵਿਕ ਪ੍ਰੋਗਰਾਮਾਂ ’ਤੇ ਰਿਪੋਰਟ’ ਵਿਸ਼ੇ ਸਬੰਧੀ ਸਲਾਮਤੀ ਕੌਂਸਲ ਨੂੰ ਸੰਬੋਧਨ ਕਰਦਿਆਂ ਤ੍ਰਿਮੂਰਤੀ ਨੇ ਕਿਹਾ, ‘‘ਭਾਰਤ ਨੇ ਮੈਂਬਰ ਦੇਸ਼ (ਰੂਸ) ਦੇ ਹਾਲੀਆ ਬਿਆਨ ਅਤੇ ਯੂਕਰੇਨ ਨਾਲ ਸਬੰਧਿਤ ਜੈਵਿਕ ਗਤੀਵਿਧੀਆਂ ਦੇ ਮਾਮਲੇ ਸਬੰਧੀ ਵਿਆਪਕ ਜਾਣਕਾਰੀਆਂ ਦਾ ਨੋਟਿਸ ਲਿਆ ਹੈ। ਇਸ ਸਬੰਧੀ ਅਸੀਂ ਆਲਮੀ ਅਤੇ ਗ਼ੈਰ-ਵਿਤਕਰੇਬਾਜ਼ੀ ਨਿਸ਼ਸਤਰੀਕਰਨ ਸੰਧੀ ਵਜੋਂ ‘ਜੈਵਿਕ ਤੇ ਜ਼ਹਿਰੀਲੇ ਹਥਿਆਰ ਸੰਧੀ’ (ਬੀਟੀਡਬਲਿਊਸੀ) ਦੇ ਮਹੱਤਵ ਦਾ ਜ਼ਿਕਰ ਕਰਨਾ ਚਾਹਾਂਗੇ।’’ ਤ੍ਰਿਮੂਰਤੀ ਨੇ ਜ਼ੋਰ ਦੇ ਕੇ ਕਿਹਾ ਕਿ ਬੀਟੀਡਬਲਿਊਸੀ ਨੂੰ ਪੂਰੀ ਤਰ੍ਹਾਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਉਣਾ ਅਹਿਮ ਹੈ। ਉਨ੍ਹਾਂ ਕਿਹਾ, ‘‘ਸਾਡਾ ਇਹ ਵੀ ਮੰਨਣਾ ਹੈ ਕਿ ਬੀਟੀਡਬਲਿਊਸੀ ਤਹਿਤ ਕਿਸੇ ਵੀ ਮਾਮਲੇ ਦਾ ਹੱਲ ਸੰਧੀ ਦੀਆਂ ਤਜਵੀਜ਼ਾਂ ਤਹਿਤ ਅਤੇ ਸਬੰਧਿਤ ਧਿਰਾਂ ਨਾਲ ਵਿਚਾਰ-ਚਰਚਾ ਤੇ ਸਹਿਯੋਗ ਜ਼ਰੀਏ ਕੱਢਿਆ ਜਾਣਾ ਚਾਹੀਦਾ ਹੈ। -ਪੀਟੀਆਈ