ਕਰਾਚੀ, 3 ਅਕਤੂਬਰ
ਹਿੰਦੂ ਭਾਈਚਾਰੇ ਦੀ ਇਕ ਮਹਿਲਾ ਦੀਆਂ ਅਸਥੀਆਂ ਦੀ ਕਥਿਤ ਬੇਅਦਬੀ ਖ਼ਿਲਾਫ਼ ਅੱਜ ਹਿੰਦੂਆਂ ਤੇ ਮੁਸਲਮਾਨਾਂ ਨੇ ਪਾਕਿਸਤਾਨ ਦੇ ਬਲੋਸਿਚਸਤਾਨ ਸੂਬੇ ਦੇ ਕਲਾਤ ਕਸਬੇ ਵਿਚ ਰੋਸ ਮੁਜ਼ਾਹਰਾ ਕੀਤਾ। ਹਿੰਦੂ ਭਾਈਚਾਰੇ ਦੇ ਇਕ ਪ੍ਰਤੀਨਿਧੀ ਨੇ ਦੱਸਿਆ ਕਿ ਇਕ ਮਹਿਲਾ ਦੀ ਹਾਲ ਹੀ ਵਿਚ ਮੌਤ ਹੋ ਗਈ ਸੀ ਤੇ ਉਸ ਦੇ ਰਿਸ਼ਤੇਦਾਰਾਂ ਨੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਸੀ। ਜਦਕਿ ਅਸਥੀਆਂ ਅਜੇ ਸ਼ਮਸ਼ਾਨਘਾਟ ਵਿਚ ਹੀ ਸਨ। ਕੁਝ ਅਣਪਛਾਤਿਆਂ ਨੇ ਐਤਵਾਰ ਰਾਤ ਅਸਥੀਆਂ ਦੀ ਬੇਅਦਬੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਸਵੇਰੇ ਦੇਖਣ ’ਤੇ ਪਤਾ ਲੱਗਾ ਕਿ ਅਸਥੀਆਂ ਆਲੇ-ਦੁਆਲੇ ਖਿਲਾਰੀਆਂ ਹੋਈਆਂ ਹਨ। ਹਿੰਦੂ ਭਾਈਚਾਰੇ ਦੇ ਸੈਂਕੜੇ ਮੈਂਬਰ ਅੱਜ ਰੋਸ ਜ਼ਾਹਿਰ ਕਰਦਿਆਂ ਕਸਬੇ ਦੀਆਂ ਸੜਕਾਂ ਉਤੇ ਨਿਕਲੇ। ਉਨ੍ਹਾਂ ਦੁਕਾਨਾਂ ਵੀ ਬੰਦ ਰੱਖੀਆਂ। ਹਿੰਦੂ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਰੋਸ ਦਰਜ ਕੀਤਾ। ਦੋਵਾਂ ਫ਼ਿਰਕਿਆਂ ਦੇ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਸ਼ਮਸ਼ਾਨਘਾਟ ਦਾ ਗੇਟ ਚੋਰੀ ਹੋ ਗਿਆ ਸੀ। ਇਸ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਗਿਆ ਪਰ ਕੋਈ ਹੱਲ ਨਹੀਂ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। -ਪੀਟੀਆਈ