ਢਾਕਾ, 11 ਜੂਨ
ਭਾਜਪਾ ਦੇ ਦੋ ਸਾਬਕਾ ਬੁਲਾਰਿਆਂ ਵੱਲੋਂ ਪੈਗੰਬਰ ਮੁਹੰਮਦ ਖਿਲਾਫ਼ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਹੋ ਰਹੇ ਰੋਸ ਪ੍ਰਦਰਸ਼ਨਾਂ ਦਰਮਿਆਨ ਸੱਤਾਧਾਰੀ ਅਵਾਮੀ ਲੀਗ ਦੇ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਬੰਗਲਾਦੇਸ਼ ਸਰਕਾਰ ਇਨ੍ਹਾਂ ਟਿੱਪਣੀਆਂ ਖਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਦਬਾਅ ਹੇਠ ਹੈ ਕਿਉਂਕਿ ਭਾਰਤ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਅਸਰ ਇਸ ਮੁਲਕ ਵਿੱਚ ਵੀ ਪੈਂਦਾ ਹੈ। ਅਵਾਮੀ ਲੀਗ ਦੇ ਧਾਰਮਿਕ ਮਾਮਲਿਆਂ ਬਾਰੇ ਸਬ-ਕਮੇਟੀ ਦੇ ਚੇਅਰਮੈਨ ਅਤੇ ਸਲਾਹਕਾਰ ਕਮੇਟੀ ਦੇ ਮੈਂਬਰ ਖੰਡਾਕਰ ਗੁਲਾਮ ਮੌਲਾ ਨਕਸ਼ਬੰਦੀ ਨੇ ਕਿਹਾ ਕਿ ਫੁੱਟਪਾਊ ਤਾਕਤਾਂ ਅਜਿਹੇ ਹਾਲਾਤ ਦਾ ਲਾਹਾ ਲੈ ਕੇ ਮੁਸਲਿਮ ਬਹੁਗਿਣਤੀ ਵਾਲੇ ਬੰਗਲਾਦੇਸ਼ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵਿਗਾੜਨਾ ਚਾਹੁੰਦੀਆਂ ਹਨ।
ਨਕਸ਼ਬੰਦੀ ਨੇ ਭਾਰਤੀ ਪੱਤਰਕਾਰਾਂ ਦੇ ਸਮੂਹ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਰਚੀ ਸਾਜ਼ਿਸ਼ ਤੇ ਸਥਾਨਕ ਪੱਧਰ ’ਤੇ ਸੌੜੀ ਸਿਆਸਤ ਕਰਕੇ ਕਈ ਮਸਲੇ ਉੱਭਰ ਕੇ ਸਾਹਮਣੇ ਆਏ ਹਨ, ਪਰ ਜੇਕਰ ਫੌਰੀ ਕੋਈ ਕਾਰਵਾਈ ਨਾ ਕੀਤੀ ਤਾਂ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਹਨ।’’ ਉਨ੍ਹਾਂ ਕਿਹਾ, ‘‘ਪੈਗੰਬਰ ਮੁਹੰਮਦ ਖਿਲਾਫ਼ ਟਿੱਪਣੀਆਂ ਨੂੰ ਲੈ ਕੇ ਕਾਰਵਾਈ ਲਈ ਬੰਗਲਾਦੇਸ਼ ਮੌਲਵੀਆਂ ਤੇ ਸਿਵਲ ਸੁਸਾਇਟੀ ਦੇ ਦਬਾਅ ਹੇਠ ਹੈ।’’ ਨਕਸ਼ਬੰਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅਜਿਹੇ ਹਾਲਾਤ ਨਾਲ ਸਿੱਝਣਾ ਬਾਖੂਬੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਭਾਰਤ ਨਾਲ ਦੋਸਤਾਨਾ ਸਬੰਧ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਥੋਂ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। -ਪੀਟੀਆਈ