ਵਾਸ਼ਿੰਗਟਨ, 7 ਅਕਤੂਬਰ
ਤੇਲ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਊਰਜਾ ਖੇਤਰ ਵਿਚ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਦੀਆਂ ਕਾਫ਼ੀ ਸੰਭਾਵਨਾਵਾਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਨੇ ਵਰਤਮਾਨ ਊਰਜਾ ਸੰਕਟ ਨਾਲ ਅਸਰਦਾਰ ਢੰਗ ਨਾਲ ਨਜਿੱਠਿਆ ਹੈ ਤੇ ਮੁਲਕ ਦੇ ਕਿਸੇ ਵੀ ਹਿੱਸਾ ਵਿਚ ਊਰਜਾ ਦੀ ਘਾਟ ਨਹੀਂ ਪੈਦਾ ਹੋਣ ਦਿੱਤੀ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਆਲਮੀ ਊਰਜਾ ਢਾਂਚਾ ਪ੍ਰਭਾਵਿਤ ਹੋਇਆ ਹੈ ਤੇ ਸਪਲਾਈ-ਮੰਗ ਦੀ ਲੜੀ ਉਤੇ ਅਸਰ ਪਿਆ ਹੈ। ਕਈ ਦੇਸ਼ਾਂ ਵਿਚ ਤੇਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ।
ਇੱਥੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਕਰਵਾਏ ਸਮਾਗਮ ਵਿਚ ਵਿਚਾਰ ਰੱਖਦਿਆਂ ਪੁਰੀ ਨੇ ਕਿਹਾ, ‘ਅਸੀਂ ਚੁਣੌਤੀਆਂ ’ਤੇ ਸਿਆਣਪ ਨਾਲ ਪਾਰ ਪਾ ਲਿਆ ਹੈ।’ ਕੇਂਦਰੀ ਮੰਤਰੀ ਅਮਰੀਕਾ ਦੇ ਦੌਰੇ ਦੌਰਾਨ ਆਪਣੀ ਹਮਰੁਤਬਾ ਜੈਨੀਫਰ ਗ੍ਰੈਨਹੋਮ ਨੂੰ ਵੀ ਮਿਲਣਗੇ।
ਊਰਜਾ ਖੇਤਰ ਵਿਚ ਭਾਰਤ-ਅਮਰੀਕਾ ਦੀ ਭਾਈਵਾਲੀ ਦਾ ਜ਼ਿਕਰ ਕਰਦਿਆਂ ਪੁਰੀ ਨੇ ਕਿਹਾ ਕਿ ਦੋਵੇਂ ਧਿਰਾਂ ਇਹ ਮੰਨਦੀਆਂ ਹਨ ਕਿ ਊਰਜਾ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ‘ਗਰੀਨ ਕੌਰੀਡੋਰ’ ਖੋਲ੍ਹਣ ਦੀ ਲੋੜ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਊਰਜਾ ਖੇਤਰ ਵਿਚ ਭਾਰਤ ਤੇ ਅਮਰੀਕਾ ਦਾ ਸਹਿਯੋਗ ਕਈ ਗੁਣਾਂ ਵਧਿਆ ਹੈ। ਕੇਂਦਰੀ ਮੰਤਰੀ ਨੇ ਜ਼ਿਕਰ ਕੀਤਾ ਕਿ ਅਮਰੀਕਾ ਤੋਂ ਭਾਰਤ 20 ਅਰਬ ਡਾਲਰ ਮੁੱਲ ਦੀ ਊਰਜਾ ਦਰਾਮਦ ਕਰਦਾ ਹੈ। ਰਾਜਦੂਤ ਵੱਲੋਂ ਪੁਰੀ ਦੇ ਸਵਾਗਤ ਵਿਚ ਰੱਖੇ ਗਏ ਸਮਾਗਮ ਵਿਚ ਭਾਰਤ ’ਚ ਅਮਰੀਕਾ ਦੇ ਰਾਜਦੂਤ ਰਹੇ ਰਿਚਰਡ ਵਰਮਾ ਤੇ ਜਨਰਲ ਆਟੋਮਿਕਸ ਦੇ ਸੀਈਓ ਵਿਵੇਕ ਲਾਲ ਵੀ ਹਾਜ਼ਰ ਸਨ। -ਪੀਟੀਆਈ
ਭਾਰਤ-ਅਮਰੀਕਾ ਦੇ ਰਿਸ਼ਤੇ ਹੋਰ ਬਿਹਤਰ ਹੋਣ ਵੱਲ ਵਧੇ: ਪੈਂਟਾਗਨ
ਵਾਸ਼ਿੰਗਟਨ: ਅਮਰੀਕਾ ਦੇ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਨੇ ਅੱਜ ਕਿਹਾ ਕਿ ਭਾਰਤ ਤੇ ਅਮਰੀਕਾ ਦੇ ਰਿਸ਼ਤੇ ਸਹੀ ਪਾਸੇ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਫ਼ੌਜੀ ਪੱਧਰ ’ਤੇ ਤਾਲਮੇਲ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਭਾਰਤ ਤੇ ਅਮਰੀਕਾ ਦਰਮਿਆਨ ਜੰਗੀ ਅਭਿਆਸ ਪਹਿਲਾਂ ਨਾਲੋਂ ਕਿਤੇ ਵੱਧ ਹੋ ਰਿਹਾ ਹੈ। ਰੱਖਿਆ ਖ਼ਰੀਦ ਵਿਚ ਵੀ ਇਜ਼ਾਫ਼ਾ ਹੋਇਆ ਹੈ। ਪੈਂਟਾਗਨ ਦੇ ਬੁਲਾਰੇ ਏਅਰ ਫੋਰਸ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ ਕਿ ਅਸੀਂ ਰਿਸ਼ਤੇ ਮਜ਼ਬੂਤ ਕਰਦੇ ਰਹਿਣ ਪ੍ਰਤੀ ਵਚਨਬੱਧ ਹਾਂ। -ਪੀਟੀਆਈ