ਕ੍ਰਾਈਸਟਚਰਚ (ਨਿਊਜ਼ੀਲੈਂਡ)/ਇਸਲਾਮਾਬਾਦ: ਨਿਊਜ਼ੀਲੈਂਡ ਦੇ ਮੈਡੀਸਨ ਪ੍ਰਸ਼ਾਸਕ ਮੈਡਸੇਫ ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਡਰਨ ਨੂੰ ਅਗਲੇ ਹਫ਼ਤੇ ਇਸ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ, ਜਿਸ ਮਗਰੋਂ 12-15 ਸਾਲ ਦੇ ਬੱਚੇ ਆਪਣੀ ਵਾਰੀ ਆਉਣ ’ਤੇ ਇਹ ਵੈਕਸੀਨ ਲਗਵਾ ਸਕਣਗੇ। ਨਿਊਜ਼ੀਲੈਂਡ ਵਿੱਚ 2,65,000 ਬੱਚੇ 12-15 ਉਮਰ ਵਰਗ ਵਿੱਚ ਹਨ, ਜੋ ਕੁੱਲ ਆਬਾਦੀ ਦਾ 5 ਫ਼ੀਸਦੀ ਤੋਂ ਵੱਧ ਹਨ। ਜੇ ਇਸ ਨੂੰ 16 ਸਾਲ ਤੋਂ ਵੱਧ ਉਮਰ ਦੇ 80 ਫ਼ੀਸਦੀ ਵਿੱਚ ਜੋੜਿਆ ਜਾਵੇ ਤਾਂ ਇਸ ਦਾ ਅਰਥ ਹੈ ਕਿ ਫਾਈਜ਼ਰ ਵੈਕਸੀਨ ਨੂੰ ਹੁਣ 85 ਫ਼ੀਸਦੀ ਆਬਾਦੀ ਦੇ ਲਾਉਣ ਲਈ ਮੈਡਸੇਫ ਦੀ ਮਨਜ਼ੂਰੀ ਮਿਲ ਗਈ ਹੈ। ਉਧਰ, ਪਾਕਿਸਤਾਨ ਨੇ ਅਮਰੀਕੀ ਕੋਵਿਡ ਟੀਕੇ ਦੀਆਂ 1.3 ਕਰੋੜ ਖ਼ੁਰਾਕਾਂ ਖ਼ਰੀਦਣ ਲਈ ਫਾਈਜ਼ਰ ਨਾਲ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਮੰਗਲਵਾਰ ਨੂੰ ਮੀਡੀਆ ਵਿੱਚ ਆਈ ਇੱਕ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। -ਏਜੰਸੀ