ਲੰਡਨ, 21 ਅਕਤੂਬਰ
ਬਰਤਾਨਵੀ ਮੰਤਰੀ ਪੈਨੀ ਮੋਰਡੌਂਟ ਨੇ ਪ੍ਰਧਾਨ ਮੰਤਰੀ ਵਜੋਂ ਲਿਜ਼ ਟਰੱਸ ਦੀ ਥਾਂ ਲੈਣ ਲਈ ਅੱਜ ਆਪਣੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਪਹਿਲੀ ਦਾਅਵੇਦਾਰ ਬਣ ਗਈ ਹੈ। ਮੋਰਡੌਂਟ (49) ਚਾਰ ਪ੍ਰਧਾਨ ਮੰਤਰੀਆਂ ਨਾਲ ਕੰਮ ਕਰ ਚੁੱਕੀ ਹੈ। ਸੱਤਾ ਵਿੱਚ ਹੁੰਦਿਆਂ ਬੌਰਿਸ ਜੌਹਨਸਨ ’ਤੇ ਘੁਟਾਲਿਆਂ ਦੇ ਦੋਸ਼ ਲੱਗਣ ਮਗਰੋਂ ਮੋਰਡੌਂਟ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ ਸੀ। ਥਰੇਸਾ ਮੇਅ ਦੀ ਕੈਬਨਿਟ ਵਿੱਚ ਰਹਿੰਦਿਆਂ ਮੋਰਡੌਂਟ ਨੇ ਉਨ੍ਹਾਂ ਦਾ ਬ੍ਰੈਗਜ਼ਿਟ ਲਈ ਸਮਰਥਨ ਕੀਤਾ ਸੀ। ਮੋਰਡੌਂਟ ਇਸ ਤੋਂ ਪਹਿਲਾਂ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਵੀ ਲੜ ਚੁੱਕੀ ਹੈ, ਪਰ ਉਹ ਆਖ਼ਰੀ ਦੋ ਦੇ ਮੁਕਾਬਲੇ ਵਿੱਚ ਨਹੀਂ ਪਹੁੰਚ ਸਕੀ ਸੀ। ਇਸ ਦੌੜ ਵਿੱਚ ਟਰੱਸ ਨੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਨੂੰ ਸ਼ਿਕਸਤ ਦਿੱਤੀ ਸੀ। ਮੋਰਡੌਂਟ ਨੇ ਟਵੀਟ ਕੀਤਾ, ‘‘ਮੈਂ ਦੇਸ਼ ਨੂੰ ਇਕਜੁੱਟ ਰੱਖਣ, ਆਪਣੇ ਵਾਅਦੇ ਪੂਰੇ ਕਰਨ ਅਤੇ ਅਗਲੀਆਂ ਆਮ ਚੋਣਾਂ ਜਿੱਤਣ ਲਈ ਕੰਜ਼ਰਵੇਟਿਵ ਪਾਰਟੀ ਨੇਤਾ ਅਤੇ ਤੁਹਾਡੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਹਾਂ।’’ -ਰਾਇਟਰਜ਼