ਨਵੀਂ ਦਿੱਲੀ, 27 ਅਕਤੂਬਰ
ਪਾਕਿਸਤਾਨ ਵਿਚ 11 ਵਿਰੋਧੀ ਪਾਰਟੀਆਂ ’ਤੇ ਆਧਾਰਤ ਮੰਚ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀਡੀਐੱਮ) ਵੱਲੋਂ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਵਿਚ ਕੱਢੀ ਗਈ ਸਰਕਾਰ ਵਿਰੋਧੀ ਰੈਲੀ ਦੌਰਾਨ ‘ਆਜ਼ਾਦ ਬਲੋਚਿਸਤਾਨ ਸੂਬੇ’ ਦੀ ਮੰਗ ਉੱਠੀ ਹੈ। ਰੈਲੀ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਉਪ-ਪ੍ਰਧਾਨ ਮਰੀਅਮ ਨਵਾਜ਼, ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।
ਇਸ ਦੌਰਾਨ ਜਮਾਇਤ ਉਲੇਮਾ-ਏ-ਪਾਕਿਸਤਾਨ (ਜੇਯੂਪੀ) ਦੇ ਆਗੂ ਮੌਲਾਨਾ ਸ਼ਾਹ ਓਵਾਇਸ ਨੂਰਾਨੀ ਨੇ ਪਾਕਿਸਤਾਨ ਤੋਂ ਵੱਖਰੇ ਬਲੋਚਿਸਤਾਨ ਦੀ ਮੰਗ ’ਤੇ ਮੋਹਰ ਵੀ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਬਲੋਚਿਸਤਾਨ ਚਾਹੁੰਦੇ ਹਨ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋਈ ਹੈ। ਮਰੀਅਮ ਨਵਾਜ਼ ਨੇ ਕਿਹਾ ਕਿ ਬਲੋਚਿਸਤਾਨ ਵਿਚਲੇ ਹਾਲਾਤ ਨੂੰ ਬਦਲਣ ਦੀ ਲੋੜ ਹੈ। ਇਸੇ ਦੌਰਾਨ ਮੁਲਕ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਨੂਰਾਨੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ। -ਪੀਟੀਆਈ