ਇਸਲਾਮਾਬਾਦ, 10 ਅਪਰੈਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਐਤਵਾਰ ਤੜਕੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ 11 ਅਪਰੈਲ ਨੂੰ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਨੈਸ਼ਨਲ ਅਸੈਂਬਲੀ ਦੇ ਇਸ ਅਹਿਮ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਅਯਾਜ਼ ਸਾਦਿਕ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਅੱਜ ਬਾਅਦ ਦੁਪਹਿਰ 2 ਵਜੇ ਤੱਕ ਦਾਖਲ ਕੀਤੇ ਜਾਣੇ ਸਨ ਪਰ ਬਾਅਦ ਵਿੱਚ ਇਹ ਸਮਾ ਸ਼ਾਮ 4 ਵਜੇ ਤੱਕ ਵਧਾ ਦਿੱਤਾ ਗਿਆ। ਦੇਸ਼ ਵਿੱਚ ਆਮ ਚਰਚਾ ਹੈ ਕਿ ਸ਼ਾਹਬਾਜ਼ ਸ਼ਰੀਫ਼ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਤੇ ਪੀਪੀਪੀ ਨੇਤਾ ਬਿਲਾਵਲ ਭੁੱਟੋ ਵਿਦੇਸ਼ ਮੰਤਰੀ ਬਣ ਸਕਦੇ ਹਨ। ਸ਼ਾਹਬਾਜ਼ ਸ਼ਰੀਫ਼ ਵਿਰੋਧੀ ਧਿਰ ਦੇ ਸਰਬਸੰਮਤੀ ਨਾਲ ਉਮੀਦਵਾਰ ਹਨ ਤੇ ਇਮਰਾਨ ਖ਼ਾਨ ਦੀ ਪੀਟੀਆਈ ਪਾਰਟੀ ਵੱਲੋਂ ਸ਼ਾਹ ਮਹਿਮੂਦ ਕੁਰੈਸ਼ੀ ਪ੍ਰਧਾਨ ਮੰਤਰੀ ਕੁਰਸੀ ਲਈ ਮੈਦਾਨ ’ਚ ਉਤਰਨਗੇ।