ਇਸਲਾਮਬਾਦ, 21 ਅਕਤੂਬਰ
ਮੁੱਖ ਅੰਸ਼
- ਪੰਜ ਸਾਲ ਤੱਕ ਨਹੀਂ ਬਣ ਸਕਣਗੇ ਸੰਸਦ ਮੈਂਬਰ
ਪਾਕਿਸਤਾਨ ਚੋਣ ਕਮਿਸ਼ਨ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ‘ਤੋਸ਼ਾਖਾਨਾ ਕੇਸ’ ਵਿੱਚ ਪੰਜ ਸਾਲਾਂ ਲਈ ਅਯੋਗ ਕਰਾਰ ਦਿੱਤਾ ਹੈ। ਉਨ੍ਹਾਂ ’ਤੇ ਵਿਦੇਸ਼ੀ ਨੇਤਾਵਾਂ ਤੋਂ ਪ੍ਰਾਪਤ ਤੋਹਫ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਲੁਕਾਉਣ ਦਾ ਦੋਸ਼ ਸੀ। ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਾਜਾ ਦੀ ਅਗਵਾਈ ਵਾਲੇ ਚਾਰ ਮੈਂਬਰੀ ਬੈਂਚ ਦੇ ਇਸ ਫ਼ੈਸਲੇ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਮੁਖੀ ਇਮਰਾਨ ਖ਼ਾਨ ਪੰਜ ਸਾਲਾਂ ਤੱਕ ਸੰਸਦ ਮੈਂਬਰ ਨਹੀਂ ਬਣ ਸਕਦੇ। ਇਹ ਫ਼ੈਸਲਾ ਪੰਜ ਮੈਂਬਰੀ ਬੈਂਚ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ। ਹਾਲਾਂਕਿ ਫ਼ੈਸਲੇ ਦੇ ਐਲਾਨ ਸਮੇਂ ਬੈਂਚ ਦੇ ਪੰਜਾਬ ਤੋਂ ਮੈਂਬਰ ਹਾਜ਼ਰ ਨਹੀਂ ਸਨ।
ਦੱਸਣਯੋਗ ਹੈ ਕਿ ਸੱਤਾਧਾਰੀ ਗੱਠਜੋੜ ਸਰਕਾਰ ਦੇ ਸੰਸਦ ਮੈਂਬਰਾਂ ਨੇ ਅਗਸਤ ਮਹੀਨੇ ਇਮਰਾਨ ਖ਼ਾਨ ਖ਼ਿਲਾਫ਼ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਵਿੱਚ ਤੋਸ਼ਾਖਾਨਾ ਵਿੱਚੋਂ ਰਿਆਇਤੀ ਭਾਅ ’ਤੇ ਖਰੀਦੇ ਗਏ ਤੋਹਫਿਆਂ ਦੀ ਵਿਕਰੀ ਤੋਂ ਹੋਈ ਆਮਦਨ ਦਾ ਖੁਲਾਸਾ ਨਾ ਕਰਨ ਨੂੰ ਲੈ ਕੇ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ। ਮਾਮਲੇ ਦੀ ਸੁਣਵਾਈ ਮਗਰੋਂ ਚੋਣ ਕਮਿਸ਼ਨ ਨੇ 19 ਸਤੰਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ। ਚੋਣ ਕਮਿਸ਼ਨ ਦੇ ਬੈਂਚ ਨੇ ਅੱਜ ਸਰਬਸੰਮਤੀ ਨਾਲ ਫ਼ੈਸਲਾ ਸੁਣਾਇਆ ਕਿ ਇਮਰਾਨ ਖ਼ਾਨ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਸੰਸਦ ਦੇ ਮੈਂਬਰ ਵਜੋਂ ਅਯੋਗ ਕਰਾਰ ਦੇ ਦਿੱਤਾ। ਬੈਂਚ ਨੇ ਇਹ ਵੀ ਕਿਹਾ ਕਿ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਕਾਰਵਾਈ ਵੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸਾਲ 2018 ’ਚ ਸੱਤਾ ਵਿੱਚ ਇਮਰਾਨ ਖ਼ਾਨ ਨੂੰ ਅਧਿਕਾਰਤ ਦੌਰਿਆਂ ਦੌਰਾਨ ਅਰਬ ਸ਼ਾਸਕਾਂ ਤੋਂ ਮਹਿੰਗੇ ਤੋਹਫ਼ੇ ਮਿਲੇ ਸਨ ਜਿਹੜੇ ਤੋਸ਼ਾਖਾਨਾ ਵਿੱਚ ਜਮ੍ਹਾਂ ਕੀਤੇ ਗਏ ਸਨ। ਬਾਅਦ ਵਿੱਚ ਖ਼ਾਨ ਨੇ ਸਬੰਧਿਤ ਕਾਨੂੰਨ ਮੁਤਾਬਕ ਤੋਹਫ਼ਿਆਂ ਨੂੰ ਰਿਆਇਤੀ ਮੁੱਲ ’ਤੇ ਖਰੀਦਿਆ ਅਤੇ ਵੱਧ ਮੁਨਾਫ਼ੇ ’ਤੇ ਵੇਚ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਨੇ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੂੰ ਦੱਸਿਆ ਸੀ ਕਿ ਤੋਸ਼ਾਖਾਨਾ ਤੋਂ ਲਗਪਗ 2.1 ਕਰੋੜ ਰੁਪਏ ਵਿੱਚ ਖਰੀਦੇ ਤੋਹਫ਼ਿਆਂ ਦੀ ਵਿਕਰੀ ਤੋਂ ਉਨ੍ਹਾਂ ਨੂੰ 5.8 ਕਰੋੜ ਰੁਪਏ ਮਿਲੇ ਸਨ। ਇਮਰਾਨ ਖ਼ਾਨ ਵੱਲੋਂ ਖਰੀਦੇ ਤੋਹਫ਼ਿਆਂ ਵਿੱਚ ਗਰਾਫ ਕੰਪਨੀ ਦੀ ਘੜੀ, ਇੱਕ ਮਹਿੰਗਾ ਪੈੱਨ, ਮੁੰਦਰੀ ਅਤੇ ਰੋਲੈਕਸ ਕੰਪਨੀਆਂ ਚਾਰ ਘੜੀਆਂ ਸਣੇ ਹੋਰ ਸਾਮਾਨ ਸ਼ਾਮਲ ਸੀ। ਆਪਣੇ ਵਿਰੋਧੀਆਂ ਮੁਤਾਬਕ ਇਮਰਾਨ ਆਮਦਨ ਕਰ ਰਿਟਰਨ ਵਿੱਚ ਇਨ੍ਹਾਂ ਤੋਹਫ਼ਿਆਂ ਦੀ ਵਿਕਰੀ ਦੱਸਣ ’ਚ ਅਸਫਲ ਰਹੇ ਸਨ। ਇਸੇ ਦੌਰਾਨ ਸਥਾਨਕ ਜੀਓ ਨਿਊਜ਼ ਟੀਵੀ ’ਤੇ ਪ੍ਰਸਾਰਿਤ (ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਿਕਾਰਡ ਕੀਤੀ) ਟਿੱਪਣੀ ’ਚ ਇਮਰਾਨ ਖ਼ਾਨ ਦੀ ਵਿਰੋਧੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ, ‘‘ਹੁਣ ਇਹ ਸਾਬਤ ਹੋ ਗਿਆ ਹੈ ਉਹ ਇੱਕ ‘ਸਰਟੀਫਾਈਡ ਚੋਰ’ ਹਨ।’’ -ਏਜੰਸੀਆਂ
ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਵੇਗੀ ਪੀਟੀਆਈ
ਤਹਿਰੀਕ-ਏ-ਇਨਸਾਫ਼ ਪਾਰਟੀ ਨੇ ਇਮਰਾਨ ਖ਼ਾਨ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਗੱਲ ਨੂੰ ਖਾਰਜ ਕੀਤਾ ਕਿ ਉਹ (ਇਮਰਾਨ) ਹੁਣ ਕੌਮੀ ਅਸੈਂਬਲੀ ਦੇ ਮੈਂਬਰ ਨਹੀਂ ਹਨ। ਹਾਲਾਂਕਿ ਖ਼ਾਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੀਟੀਆਈ ਦੇ ਜਨਰਲ ਸਕੱਤਰ ਅਸਦ ਉਮਰ ਨੇ ਕਿਹਾ ਕਿ ਪਾਰਟੀ ਮੁਖੀ ਇਮਰਾਨ ਖ਼ਾਨ ਨੂੰ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਵਕੀਲ ਫ਼ੈਸਲ ਚੌਧਰੀ ਨੇ ਕਿਹਾ ਚੋਣ ਕਮਿਸ਼ਨ ਦੇ ਟ੍ਰਿਬਿਊਨਲ ਕੋਲ ਮਾਮਲੇ ਦੇ ਸੁਣਵਾਈ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਇੱਕ ਗ਼ੈਰਕਾਨੂੰਨੀ ਅਤੇ ਗ਼ੈਰ-ਸੰਵਿਧਾਨਕ ਹੁਕਮ ਹੈ।’’ ਇਸੇ ਦੌਰਾਨ ਪਾਰਟੀ ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਫ਼ੈਸਲੇ ਨੂੰ ਖਾਰਜ ਕਰਦਿਆਂ ਖ਼ਾਨ ਦੇ ਸਮਰਥਕਾਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਅਤੇ ਸਰਕਾਰ ਦਾ ‘ਤਖਤਾ ਪਲਟਣ’ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਉਨ੍ਹਾਂ ਦੇ ਸਮਰਥਕ ਇਕੱਠੇ ਹੋਏ ਜਿਨ੍ਹਾਂ ਨੇ ਰਸਤੇ ਅਤੇ ਸੜਕਾਂ ਰੋਕੀਆਂ ਪਰ ਕਿਤੇ ਵੀ ਕਿਸੇ ਕੋਈ ਹਿੰਸਕ ਘਟਨਾ ਹੋਣ ਦੀ ਰਿਪੋਰਟ ਨਹੀਂ ਹੈ। -ਏਜੰਸੀਆਂ
ਪੀਟੀਆਈ ਵਰਕਰਾਂ ਤੇ ਪੁਲੀਸ ਵਿਚਾਲੇ ਹਿੰਸਕ ਝੜਪਾਂ
ਇਸਲਾਮਾਬਾਦ: ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਵੱਲੋਂ ਤੋਸ਼ਾਖਾਨਾ ਕੇਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਵਰਕਰਾਂ ਅਤੇ ਪੁਲੀਸ ਵਿਚਾਲੇ ਝੜਪਾਂ ਕਾਰਨ ਦੇਸ਼ ਵਿੱਚ ਹਿੰਸਾ ਭੜਕ ਗਈ। ਏਆਰਵਾਈ ਨਿਊਜ਼ ਮੁਤਾਬਕ ਚੋਣ ਕਮਿਸ਼ਨ ਦੇ ਫ਼ੈਸਲੇ ਦੇ ਤੁਰੰਤ ਬਾਅਦ ਪੀਟੀਆਈ ਕਾਰਕੁਨਾਂ ਅਤੇ ਪੁਲੀਸ ਟੁਕੜੀਆਂ ਦੇ ਆਹਮੋ-ਸਾਹਮਣੇ ਹੋਣ ਕਾਰਨ ਹਿੰਸਾ ਭੜਕ ਗਈ। ਪ੍ਰਦਰਸ਼ਨ ਦੌਰਾਨ ਪੁਲੀਸ ਨੇ ਪੀਟੀਆਈ ਨੇਤਾ ਸਾਲੇਹ ਮੁਹੰਮਦ ਤੇ ਉਨ੍ਹਾਂ ਦੇ ਅੰਗ ਰੱਖਿਅਕ ਨੂੰ ਚੋਣ ਕਮਿਸ਼ਨ ਦੇ ਦਫ਼ਤਰ ਅੱਗਿਓਂ ਗ੍ਰਿਫ਼ਤਾਰ ਕਰ ਲਿਆ। ਰਿਪੋਰਟ ਮੁਤਾਬਕ ਪੁਲੀਸ ਨੇ ਈਸੀਪੀ ਦਫ਼ਤਰ ਅੱਗੇ ਸਥਿਤੀ ਕਾਬੂ ਹੇਠ ਕਰਨ ਲਈ ਚਲਾਈਆਂ ਪਰ ਮਾਹੌਲ ਤਣਾਅਪੂਰਨ ਹੋ ਗਿਆ। ਇਸ ਤੋਂ ਇਲਾਵਾ ਪੀਟੀਆਈ ਵਰਕਰਾਂ ਨੇ ਵੱਖ-ਵੱਖ ਸ਼ਹਿਰਾਂ ਵਿੱਚ ਰਸਤੇ ਅਤੇ ਸੜਕਾਂ ਰੋਕ ਕੇ ਪ੍ਰਦਰਸ਼ਨ ਕੀਤਾ। ਸਥਾਨਕ ਮੀਡੀਆ ਮੁਤਾਬਕ ਵਰਕਰਾਂ ਨੇ ਪ੍ਰਦਰਸ਼ਨ ਕਰਦਿਆਂ ਇਸਲਾਮਾਬਾਦ, ਰਾਵਲਪਿੰਡੀ ਅਤੇ ਹੋਰ ਸ਼ਹਿਰਾਂ ਵਿੱਚ ਟਾਇਰ ਸਾੜ ਕੇ ਆਵਾਜਾਈ ਰੋਕੀ। ਪ੍ਰਦਰਸ਼ਨਕਾਰੀਆਂ ਨੇ ਪੀਟੀਆਈ ਚੇਅਰਮੈਨ ਇਮਰਾਨ ਨੂੰ ਅਯੋਗ ਕਰਾਰ ਦਿੱਤੇ ਜਾਣ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। -ਏਐੱਨਆਈ