ਇਸਲਾਮਾਬਾਦ, 2 ਸਤੰਬਰ
ਪਾਕਿਸਤਾਨ ਨੇ ਰਫਿਊਜੀਆਂ ਦੀ ਆਮਦ ਵਧਣ ਦੇ ਖ਼ਦਸ਼ੇ ਦਰਮਿਆਨ ਅਫ਼ਗ਼ਾਨਿਸਤਾਨ ਨਾਲ ਲਗਦੇ ਆਪਣੇ ਅਹਿਮ ਸਰਹੱਦੀ ਲਾਂਘਿਆਂ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਹੈ। ਤਾਲਿਬਾਨ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ’ਚ ਸੱਤਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਜਾਰੀ ਰਿਪੋਰਟ ਵਿੱਚ ਕਿਹਾ ਕਿ ਚਮਨ ਸਰਹੱਦੀ ਲਾਂਘਾ, ਜੋ ਖੈਬਰ ਪਖਤੂਨਖਵਾ ਵਿੱਚ ਤੁਰਖਾਮ ਤਜਾਰਤੀ ਕਸਬੇ ਮਗਰੋਂ ਦੂਜਾ ਸਭ ਤੋਂ ਵੱਡਾ ਵਪਾਰਕ ਸਰਹੱਦੀ ਪੁਆਇੰਟ ਹੈ, ਨੂੰ ਸੁਰੱਖਿਆ ਖ਼ਤਰਿਆਂ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅੱਜ ਦਿਨੇ ਗ੍ਰਹਿ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਇਸ਼ਾਰਾ ਕੀਤਾ ਸੀ ਕਿ ਚਮਨ ਲਾਂਘੇ ਨੂੰ ਸੁਰੱਖਿਆ ਖ਼ਤਰੇ ਕਰ ਕੇ ਕੁਝ ਦਿਨਾਂ ਲਈ ਬੰਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਕੁਝ ਸਮੇਂ ਲਈ ਚਮਨ ਲਾਂਘੇ ਨੂੰ ਬੰਦ ਕਰ ਸਕਦੇ ਹਾਂ।’ ਹਾਲਾਂਕਿ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਸਰਹੱਦ ਕਿੰਨੀ ਦੇਰ ਲਈ ਬੰਦ ਰਹੇਗੀ। ਉਂਜ ਉਨ੍ਹਾਂ ਕਿਹਾ ਕਿ ਸਰਹੱਦ ਦੇ ਆਲੇ ਦੁਆਲੇ ਅਮਨ-ਅਮਾਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਵਿੱਚ ਅਮਨ ਤੇ ਸਥਿਰਤਾ ਦਾ ਹਾਮੀ ਹੈ ਤੇ ਪਾਕਿਸਤਾਨ ਵਿੱਚ ਅਮਨ ਦੀ ਕਾਇਮੀ ਲਈ ਗੁਆਂਢੀ ਮੁਲਕ ਵਿੱਚ ਸ਼ਾਂਤੀ ਬਣੇ ਰਹਿਣਾ ਅਹਿਮ ਹੈ। ਸੁਰੱਖਿਆ ਅਧਿਕਾਰੀਆਂ ਦੀ ਮੰਨੀਏ ਤਾਂ ਹੁਣ ਤੱਕ ਹਜ਼ਾਰਾਂ ਅਫ਼ਗ਼ਾਨ ਇਨ੍ਹਾਂ ਸਰਹੱਦੀ ਲਾਂਘਿਆਂ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋ ਚੁੱਕੇ ਹਨ। ਪਾਕਿਸਤਾਨ ਹਾਲਾਂਕਿ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਉਹ ਹੋਰ ਰਫਿਊਜੀਆਂ ਨੂੰ ਮੁਲਕ ਵਿੱਚ ਦਾਖ਼ਲਾ ਦੇਣ ਦੀ ਸਥਿਤੀ ਵਿੱਚ ਨਹੀਂ ਹੈ। -ਪੀਟੀਆਈ