ਹਿਊਸਟਨ: ਟਰੈਵਲ ਸਬੰਧੀ ਵੈੱਬਸਾਈਟ ‘ਹੌਟਵਾਇਰ’ ਦੀ ਸਾਬਕਾ ਭਾਰਤੀ-ਅਮਰੀਕੀ ਮੁਖੀ ਨੇਹਾ ਪਾਰਿਖ ਨੂੰ ਨੈਵੀਗੇਸ਼ਨ ਐਪ ਅਤੇ ਗੂਗਲ ਦੀ ਸਹਾਇਕ ਕੰਪਨੀ ‘ਵੇਜ਼’ ਦੀ ਨਵੀਂ ਸੀਈਓ ਨਿਯੁਕਤ ਕੀਤਾ ਗਿਆ ਹੈ। ਉਹ (41) ਹੁਣ ਨੋਆਮ ਬਾਰਡਿਨ ਦੀ ਥਾਂ ਲਵੇਗੀ ਜਿਨ੍ਹਾਂ ਇਸ ਇਜ਼ਰਾਇਲੀ ਕੰਪਨੀ ਦੀ 12 ਵਰ੍ਹੇ ਅਗਵਾਈ ਕਰਨ ਮਗਰੋਂ ਬੀਤੇ ਨਵੰਬਰ ਵਿੱਚ ਸੀਈਓ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਨੇਹਾ ਪਾਰਿਖ ਨੇ ਆਨਲਾਈਨ ਮੇਜ਼ਬਾਨੀ ਬਰਾਂਡ ‘ਐਕਸਪੀਡੀਆ’ ਲਈ ਵੀ ਕੰਮ ਕੀਤਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ,‘ਨੇਹਾ ‘ਵੇਜ਼’ ਦੀ ਅਗਵਾਈ ਕਰੇਗੀ ਤੇ ਉਨ੍ਹਾਂ ਦਾ ਪੂਰਾ ਧਿਆਨ ਸਾਡੇ ਹਰਮਨਪਿਆਰੇ ਤੇ ਸਰਵੋਤਮ ਉਤਪਾਦਾਂ ’ਤੇ ਰਹੇਗਾ।’ ਵੇਜ਼ ਦੇ 185 ਮੁਲਕਾਂ ਵਿੱਚ 14 ਕਰੋੜ ਤੋਂ ਵੱਧ ਮਹੀਨਾਵਾਰ ਵਰਤੋਂਕਾਰ ਹਨ ਜੋ ਹਰ ਮਹੀਨੇ 24 ਅਰਬ ਮੀਲ ਤੋਂ ਵੱਧ ਯਾਤਰਾ ਕਰਦੇ ਹਨ। ਇਹ ਐਪ 56 ਭਾਸ਼ਾਵਾਂ ਵਿੱਚ ਨਿਰਦੇਸ਼ ਦਿੰਦੀ ਹੈ ਤੇ ਇਸ ਵਿੱਚ 500 ਤੋਂ ਵੱਧ ਲੋਕ ਕੰਮ ਕਰਦੇ ਹਨ। -ਪੀਟੀਆਈ