ਕਰਾਚੀ, 21 ਅਗਸਤ
ਭਾਰਤ ਅਤੇ ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦੀ ਨੁਮਾਇੰਦਗੀ ਕਰਨ ਵਾਲੀ ਮਸ਼ਹੂਰ ਪਾਕਿਸਤਾਨੀ ਗਾਇਕਾ ਨੈਯਰਾ ਨੂਰ (71) ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨੂਰ ਦਾ ਕਰਾਚੀ ’ਚ ਪਿਛਲੇ ਕੁਝ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਭਤੀਜੇ ਰਜ਼ਾ ਜ਼ੈਦੀ ਨੇ ਟਵੀਟ ਕਰਕੇ ਆਪਣੀ ਤਾਈ ਨੈਯਰਾ ਨੂਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਗੁਹਾਟੀ ’ਚ 1950 ’ਚ ਜਨਮੀ ਨੂਰ, ਕਾਨਨ ਬਾਲਾ, ਬੇਗ਼ਮ ਅਖ਼ਤਰ ਅਤੇ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਸੀ। ਉਸ ਦੇ ਪਿਤਾ ਆਲ ਇੰਡੀਆ ਮੁਸਲਿਮ ਲੀਗ ਦੇ ਸਰਗਰਮ ਮੈਂਬਰ ਸਨ ਅਤੇ ਉਨ੍ਹਾਂ ਵੰਡ ਤੋਂ ਪਹਿਲਾਂ ਮੁਹੰਮਦ ਅਲੀ ਜਿਨਾਹ ਦੀ ਮੇਜ਼ਬਾਨੀ ਵੀ ਕੀਤੀ ਸੀ। ਉਨ੍ਹਾਂ ਦਾ ਪਰਿਵਾਰ 1958 ’ਚ ਲਾਹੌਰ ਚਲਾ ਗਿਆ ਸੀ। ਉਨ੍ਹਾਂ 1971 ’ਚ ਪਾਕਿਸਤਾਨੀ ਟੀਵੀ ਲੜੀਵਾਰ ਤੋਂ ਪਿੱਠਵਰਤੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ‘ਘਰਾਣਾ’ ਅਤੇ ‘ਤਾਨਸੇਨ’ ਜਿਹੀਆਂ ਫਿਲਮਾਂ ’ਚ ਆਪਣੀ ਆਵਾਜ਼ ਦਿੱਤੀ ਸੀ। ਨੂਰ ਨੂੰ ਉਸ ਦੀ ਗਜ਼ਲ ਗਾਇਕੀ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਮਸ਼ਹੂਰ ਗਜ਼ਲ ‘ਐ ਜਜ਼ਬਾ-ਏ-ਦਿਲ ਗ਼ਰ ਮੈਂ ਚਾਹੂੰ’ ਸੀ ਜਿਸ ਨੂੰ ਸ਼ਾਇਰ ਬਹਿਜ਼ਾਦ ਲਖਨਵੀ ਨੇ ਲਿਖਿਆ ਸੀ। ਨੂਰ ਨੇ ਫ਼ੈਜ਼ ਦੀ ਹਿੰਦੀ ਕਵਿਤਾ ‘ਬਰਖਾ ਬਰਸੇ ਛੱਤ ਪਰ’ ਉਨ੍ਹਾਂ ਦੇ ਜਨਮਦਿਨ ’ਤੇ 1976 ’ਚ ਆਪਣੇ ਪਤੀ ਸ਼ਹਰਯਾਰ ਜ਼ੈਦੀ ਨਾਲ ਗਾਈ ਸੀ। ਉਸ ਨੂੰ 2006 ’ਚ ‘ਬੁਲਬੁਲ-ਏ-ਪਾਕਿਸਤਾਨ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਨੂਰ ਦੇ ਦੇਹਾਂਤ ’ਤੇ ਦੁੱਖ ਜ਼ਾਹਿਰ ਕੀਤਾ ਹੈ। -ਪੀਟੀਆਈ