ਕੀਵ, 19 ਅਕਤੂਬਰ
ਰੂਸ ਵੱਲੋਂ ਯੂਕਰੇਨ ਦੇ ਪਾਵਰ ਸਟੇਸ਼ਨਾਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਕਰ ਕੇ ਕਈ ਯੂਕਰੇਨੀ ਪਿੰਡ ਤੇ ਕਸਬੇ ਹਨੇਰੇ ਵਿਚ ਹਨ। ਬਿਜਲੀ ਬਿਨਾਂ ਸਰਦੀ ਦੇ ਮੌਸਮ ਕਰਕੇ ਲੱਖਾਂ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਦੇਸ਼ ਵਾਸੀਆਂ ਨੂੰ ਬਿਜਲੀ ਸਪਲਾਈ ਦੀ ਸੰਜਮ ਨਾਲ ਵਰਤੋਂ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕਈ ਥਾਈਂ ਪਾਣੀ ਦੀ ਸਪਲਾਈ ਵੀ ਅਸਰਅੰਦਾਜ਼ ਹੋਈ ਹੈ। ਉਧਰ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਮਿਜ਼ਾਈਲ ਤੇ ਡਰੋਨ ਹਮਲਿਆਂ ਮਗਰੋਂ ਰੂਸੀ ਫੌਜਾਂ ਇਕ ਵਾਰ ਫਿਰ ਮੈਦਾਨ ਵਿੱਚ ਨਿੱਤਰ ਆਈਆਂ ਹਨ। ਰੂਸ ਨੇ ਖੇਰਸਾਨ, ਜਿਸ ’ਤੇ ਉਸ ਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਸੀ, ਵਿਚ ਰਹਿੰਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਕਿਹਾ ਹੈ। ਰੂਸ ਨੇ ਬੁੱਧਵਾਰ ਨੂੰ ਟੈਕਸਟ ਸੁਨੇਹਿਆਂ ਰਾਹੀਂ ਅਪੀਲ ਕੀਤੀ ਕਿ ਉਹ ਦੱਖਣੀ ਸ਼ਹਿਰ ਨੂੰ ਛੱਡ ਜਾਣ। ਹਾਲਾਂਕਿ ਮਾਸਕੋ ਦੀ ਹਮਾਇਤ ਵਾਲੀ ਅਥਾਰਿਟੀ ਨੇ ਕਿਹਾ ਕਿ ਉਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚੋੋਂ ਹਿਜਰਤ ਕਰਨ ਦਾ ਫੈਸਲਾ ਲੋਕਾਂ ਦਾ ਆਪਣਾ ਹੋਵੇਗਾ।
ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਯੂਕਰੇਨ ਦੇ ਇਕ ਤਿਹਾਈ ਪਾਵਰ ਸਟੇਸ਼ਨ ਤਬਾਹ ਹੋ ਚੁੱਕੇ ਹਨ ਤੇ 10 ਅਕਤੂਬਰ ਤੋਂ ਮੁਲਕ ਦੇ ਵੱਡੇ ਹਿੱਸੇ ਵਿੱਚ ਹਨੇਰਾ ਹੈ। ਯੂਕਰੇਨੀ ਸਦਰ ਨੇ ਵੀਡੀਓ ਸੁਨੇਹੇ ਵਿੱਚ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ। -ਏਪੀ
ਭਾਰਤੀ ਨਾਗਰਿਕਾਂ ਨੂੰ ਯੂੁਕਰੇਨ ਛੱਡਣ ਦੀ ਸਲਾਹ
ਕੀਵ: ਯੂਕਰੇਨ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਇੱਥੇ ਮੌਜੂਦ ਭਾਰਤੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਭਾਰਤੀ ਸਫ਼ਾਰਤਖ਼ਾਨੇ ਵੱਲੋਂ ਇਹ ਐਡਵਾਈਜ਼ਰੀ ਰੂਸ ਵੱਲੋਂ ਯੂਕਰੇਨ ’ਤੇ ਮਿਜ਼ਾਈਲਾਂ ਨਾਲ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਕੀਤੀ ਹੈ। -ਰਾਇਰਟਰਜ਼