ਬਰਲਿਨ, 1 ਸਤੰਬਰ
ਜਰਮਨ ਏਅਰਲਾਈਨ ਲਫਥਾਂਜ਼ਾ ਨੇ ਪਾਇਲਟਾਂ ਦੀ ਹੜਤਾਲ ਕਰਕੇ ਫਰੈਂਕਫਰਟ ਤੇ ਮਿਊਨਿਖ ਤੋਂ ਚੱਲਣ ਵਾਲੀਆਂ ਆਪਣੀਆਂ ਸਾਰੀਆਂ ਯਾਤਰੀ ਤੇ ਮਾਲਵਾਹਕ ਉਡਾਣਾਂ ਰੱਦ ਕਰ ਦਿੱਤੀਆਂ ਹਨ। ਲਫਥਾਂਜ਼ਾ ਏਅਰਲਾਈਨ ਵਿੱਚ ਕੰਮ ਕਰਦੇ ਪਾਇਲਟਾਂ ਦੀ ਨੁਮਾਇੰਦਗੀ ਕਰਦੀ ਯੂੁਨੀਅਨ ਨੇ ਵੀਰਵਾਰ ਤੜਕੇ ਕਿਹਾ ਕਿ ਉਹ ਤਨਖਾਹਾਂ ਵਿੱਚ ਵਾਧੇ ਦੀ ਮੰਗ ਪ੍ਰਬੰਧਕਾਂ ਵੱਲੋਂ ਰੱਦ ਕੀਤੇ ਜਾਣ ਖਿਲਾਫ਼ ਧਰਨੇ ’ਤੇ ਬੈਠਣਗੇ। ਲਫਥਾਂਜ਼ਾ ਨੇ ਕਿਹਾ ਕਿ ਪਾਇਲਟਾਂ ਦੇ ਹੜਤਾਲ ’ਤੇ ਜਾਣ ਨਾਲ 800 ਦੇ ਕਰੀਬ ਉਡਾਣਾਂ ਰੱਦ ਕਰਨੀਆਂ ਪੈ ਸਕਦੀਆਂ ਹਨ। ਹੜਤਾਲ ਕਰਕੇ ਗਰਮੀਆਂ ਦੀਆਂ ਛੁੱਟੀਆਂ ਕੱਟ ਕੇ ਮੁੜ ਰਹੇ ਯਾਤਰੀ ਅਸਰਅੰਦਾਜ਼ ਹੋਣਗੇ। ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਦੀ ਕਿਫਾਇਤੀ ਉਡਾਣ ਯੂਰੋਵਿੰਗਜ਼ ’ਤੇ ਹੜਤਾਲ ਦਾ ਕੋਈ ਅਸਰ ਨਹੀਂ ਪਏਗਾ। ਯੂਨੀਅਨ ਨੇ ਵੀਰਵਾਰ ਨੂੰ ਏਅਰਲਾਈਨ ਪ੍ਰਬੰਧਕਾਂ ’ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦੀਆਂ ਸੋਧੀਆਂ ਹੋਈਆਂ ਮੰੰਗਾਂ ਮੰਨਣ ਤੋਂ ਇਨਕਾਰੀ ਹਨ, ਜਿਸ ਕਰਕੇ ਪਾਇਲਟਾਂ ਕੋਲ ਹੜਤਾਲ ’ਤੇ ਜਾਣ ਤੋਂ ਛੁੱਟ ਕੋਈ ਹੋਰ ਵਿਕਲਪ ਮੌਜੂਦ ਨਹੀਂ ਹੈ। -ਏਪੀ