ਨਵੀਂ ਦਿੱਲੀ, 13 ਸਤੰਬਰ
ਮੁੱਖ ਅੰਸ਼
- ਸੂਤਰਾਂ ਮੁਤਾਬਕ ਸੈਨਿਕਾਂ ਨੂੰ ਵਾਪਸ ਸੱਦਣ ਦੀ ਪ੍ਰਕਿਰਿਆ ਮੁਕੰਮਲ
- ਤਾਇਨਾਤ ਕਮਾਂਡਰ ਲੈਣਗੇ ਸਥਿਤੀ ਦਾ ਜਾਇਜ਼ਾ
ਲੱਦਾਖ ਸੈਕਟਰ ਵਿਚ ਟਕਰਾਅ ਵਾਲੀ ਮੁੱਖ ਥਾਂ ਤੋਂ ਭਾਰਤ ਤੇ ਚੀਨ ਦੇ ਸੈਨਿਕ ਮੁਕੰਮਲ ਰੂਪ ’ਚ ਪਿੱਛੇ ਹਟ ਗਏ ਹਨ। ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਵਾਪਸੀ ਦੀ ਪ੍ਰਕਿਰਿਆ ਜੋ ਕਿ 8 ਸਤੰਬਰ ਨੂੰ ਸ਼ੁਰੂ ਹੋਈ ਸੀ, ਸਿਰੇ ਚੜ੍ਹ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੈਨਿਕਾਂ ਨੂੰ ਸੱਦਣ ਬਾਰੇ ਦੋਵਾਂ ਧਿਰਾਂ ਵਿਚਾਲੇ ਕਈ ਮਹੀਨਿਆਂ ਤੱਕ ਸੰਵਾਦ ਚੱਲਿਆ ਹੈ। ਫ਼ੌਜੀ ਕਮਾਂਡਰਾਂ ਦਰਮਿਆਨ 16 ਗੇੜਾਂ ਵਿਚ ਗੱਲਬਾਤ ਤੋਂ ਬਾਅਦ ਸੈਨਾ ਨੂੰ ਸੱਦਣ ਬਾਰੇ ਸਹਿਮਤੀ ਬਣੀ ਸੀ। ਦੋਵਾਂ ਮੁਲਕਾਂ ਦੀ ਸੈਨਾ ਵਿਚਾਲੇ ਮਈ, 2020 ’ਚ ਟਕਰਾਅ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਸੈਨਿਕ ਐਲਏਸੀ ’ਤੇ ਤਾਇਨਾਤ ਕਰ ਦਿੱਤੇ ਗਏ ਹਨ।
ਸੂਤਰਾਂ ਮੁਤਾਬਕ ਗਰਾਊਂਡ ਕਮਾਂਡਰਾਂ ਨੇ ਐਲਏਸੀ ’ਤੇ ਆਪੋ-ਆਪਣੀਆਂ ਪੋਸਟਾਂ ਬਾਰੇ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਦੇ ਗੋਗਰਾ-ਹੌਟਸਪਰਿੰਗਜ਼ ਇਲਾਕੇ ’ਚ ਟਕਰਾਅ ਵਾਲੀ ਥਾਂ ਪੀਪੀ-15 ਤੋਂ ਫ਼ੌਜ ਸੱਦ ਲਈ ਹੈ। ਪੰਜ ਦਿਨ ਚੱਲੀ ਪ੍ਰਕਿਰਿਆ ਦੌਰਾਨ ਆਰਜ਼ੀ ਢਾਂਚੇ ਵੀ ਹਟਾ ਲਏ ਗਏ ਹਨ। ਸੂਤਰਾਂ ਮੁਤਾਬਕ ਇਸ ਪ੍ਰਕਿਰਿਆ ਦੀ ਵਿਸਤਾਰ ਵਿਚ ਪੁਸ਼ਟੀ ਗਰਾਊਂਡ ਕਮਾਂਡਰਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋ ਪਹਿਲਾਂ ਫ਼ੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਸੀ ਕਿ ਉਹ ਪੀਪੀ-15 ਜਾਣਗੇ ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਸੈਨਾ ਨੂੰ ਹਟਾਉਣ ਦੀ ਪ੍ਰਕਿਰਿਆ ਮਿੱਥੇ ਪ੍ਰੋਗਰਾਮ ਮੁਤਾਬਕ ਚੱਲ ਰਹੀ ਹੈ, ਜਿਵੇਂ ਕਿ ਇਸ ਬਾਰੇ ਸਹਿਮਤੀ ਬਣੀ ਸੀ। -ਆਈਏਐੱਨਐੱਸ