ਲੰਡਨ, 22 ਜੂਨ
ਖ਼ਾਲਸਾ ਟੈਲੀਵਿਜ਼ਨ ਲਿਮਿਟਡ ਨੂੰ ਖਾਲਿਸਤਾਨੀ ਪ੍ਰਾਪੇਗੰਡੇ ਕਰਕੇ ਯੂਕੇ ਵਿੱਚ ਪ੍ਰਸਾਰਣ ਨਾਲ ਜੁੜਿਆ ਆਪਣਾ ਲਾਇਸੈਂਸ ਗੁਆਉਣਾ ਪੈ ਗਿਆ ਹੈ। ਮੁਲਕ ਦੇ ਮੀਡੀਆ ਨਿਗਰਾਨ ਨੇ ਜਾਂਚ ਦੌਰਾਨ ਕੇਟੀਵੀ ਚੈਨਲ ਨੂੰ ਪ੍ਰਸਾਰਣ ਨੇਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਸੀ। ਮੀਡੀਆ ਨਿਗਰਾਨ ਨੇ ਲਾਇਸੈਂਸ ਰੱਦ ਕਰਨ ਸਬੰਧੀ ਪਿਛਲੇ ਮਹੀਨੇ ਇਕ ਨੋਟਿਸ ਵੀ ਜਾਰੀ ਕੀਤਾ ਸੀ। ਸੰਚਾਰ ਦਫ਼ਤਰ (ਆਫਕੌਮ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੂੰ ਲਾਇਸੈਂਸ ਰੱਦ ਕਰਨ ਬਾਰੇ ਨੋਟਿਸ 26 ਮਈ ਨੂੰ ਮਿਲ ਗਿਆ ਸੀ ਤੇ ਖ਼ਾਲਸਾ ਟੈਲੀਵਿਜ਼ਨ ਲਿਮਿਟਡ ਨੇ ਹੁਣ ਆਪਣਾ ਲਾਇਸੈਂਸ ਮੋੜ ਦਿੱਤਾ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਸਾਲ 30 ਦਸੰਬਰ ਨੂੰ ਕੇਟੀਵੀ ’ਤੇ ਪ੍ਰਸਾਰਿਤ ‘ਪ੍ਰਾਈਮ ਟਾਈਮ’ ਪ੍ਰੋਗਰਾਮ ਲਈ ਕੰਪਨੀ ਨੂੰ ਪਹਿਲਾਂ ਨੋਟਿਸ ਤੇ ਮਗਰੋਂ ਮੁਅੱਤਲੀ ਨੋਟਿਸ ਜਾਰੀ ਕੀਤਾ ਗਿਆ ਸੀ। ਕੰਪਨੀ ’ਤੇ ‘ਅਪਰਾਧ ਨੂੰ ਹੱਲਾਸ਼ੇਰੀ ਦੇਣ ਜਾਂ ਭੜਕਾਹਟ ਪੈਦਾ ਕਰਨ’ ਵਾਲਾ ਵਿਸ਼ਾ-ਵਸਤੂ ਵਿਖਾ ਕੇ ਪ੍ਰਸਾਰਣ ਕੋਡ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਸੀ। ਸੰਚਾਰ ਰੈਗੂਲੇਟਰ ਨੇ ਕਿਹਾ ਕਿ 95 ਮਿੰਟਾਂ ਦੇ ਲਾਈਵ ਵਿਚਾਰ ਚਰਚਾ ਪ੍ਰੋਗਰਾਮ ਵਿੱਚ ਅਜਿਹੀ ਸਮੱਗਰੀ ਸ਼ਾਮਲ ਸੀ, ਜੋ ‘ਹਿੰਸਾ ਭੜਕਾ’ ਸਕਦੀ ਸੀ। ਸੰਚਾਰ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ, ‘‘ਪਿਛਲੇ ਚਾਰ ਸਾਲਾਂ ਵਿੱਚ ਤੀਜੀ ਵਾਰ ਹੈ ਜਦੋਂ ਲਾਇਸੈਂਸੀ ਨੂੰ ਸਾਡੇ ਨੇਮਾਂ ਦੀ ਉਲੰਘਣਾ ਲਈ ਦੋਸ਼ੀ ਪਾਇਆ ਗਿਆ ਹੈ।’’ ਆਫਕੌਮ ਵੱਲੌਂ ਖ਼ਾਲਸਾ ਟੈਲੀਵਿਜ਼ਨ ਲਿਮਿਟਡ ਦਾ ਲਾਇਸੈਂਸ ਮੁਅੱਤਲ ਕੀਤੇ ਜਾਣ ਮਗਰੋਂ ਕੇਟੀਵੀ ਦਾ 31 ਮਾਰਚ ਤੋਂ ਪ੍ਰਸਾਰਣ ਬੰਦ ਹੈ। ਉਧਰ ਕੇਟੀਵੀ ਨੇ ਨੋਟਿਸਾਂ ਦੇ ਜਵਾਬ ਵਿੱਚ ਦਾਅਵਾ ਕੀਤਾ ਸੀ ਕਿ ਜਿਸ ਪ੍ਰੋਗਰਾਮ ਬਾਰੇ ਉਜਰ ਜਤਾਇਆ ਗਿਆ ਹੈ, ਉਸ ਵਿੱਚ ਅਜਿਹਾ ਕੁਝ ਨਹੀਂ ਸੀ, ਜੋ ਨੇਮ 3.1 ਦੀ ਉਲੰਘਣਾ ਕਰਦਾ ਹੋਵੇ। ਆਫਕੌਮ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ ਵਿੱਚ ਇਕ ਸੰਗੀਤਕ ਵੀਡੀਓ ਤੇ ਵਿਚਾਰ ਚਰਚਾ ਪ੍ਰੋਗਰਾਮ ਦੇ ਪ੍ਰਸਾਰਣ ਲਈ ਚੈਨਲ ਨੂੰ 50,000 ਬ੍ਰਿਟਿਸ਼ ਪੌਂਡ ਦਾ ਜੁਰਮਾਨਾ ਲਾਇਆ ਸੀ। -ਪੀਟੀਆਈ