ਨੈਰੋਬੀ, 12 ਜੂਨ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਤਿੰਨ ਦਿਨਾਂ ਦੇ ਦੌਰੇ ’ਤੇ ਕੀਨੀਆ ਪਹੁੰਚ ਗਏ ਹਨ। ਜੈਸ਼ੰਕਰ ਇਸ ਦੌਰਾਨ ਇਸ ਵੱਡੇ ਪੂਰਬੀ ਅਫ਼ਰੀਕੀ ਮੁਲਕ ਨਾਲ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਕੀਨੀਆ ਵਿਚਲੇ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਜੈਸ਼ੰਕਰ ਅਫ਼ਰੀਕੀ ਮੁਲਕ ਨਾਲ ਸਬੰਧਾਂ ਦੀ ਬਿਹਤਰੀ ਲਈ ਕੀਨਿਆਈ ਹਮਰੁਤਬਾ ਐਂਬ ਰਸ਼ੇਲ ਓਮਾਮੋ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ ਭਾਰਤ-ਕੀਨੀਆ ਸਾਂਝੀ ਕਮਿਸ਼ਨ ਮੀਟਿੰਗ ਵਿਚ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪੱਖਾਂ ਨੂੰ ਵਿਚਾਰਨਗੇ। ਇਹ ਮੀਟਿੰਗ ਆਖਰੀ ਵਾਰ ਨਵੀਂ ਦਿੱਲੀ ਵਿਚ 2019 ’ਚ ਹੋਈ ਸੀ। ਜੈਸ਼ੰਕਰ ਕੀਨੀਆ ਦੇ ਹੋਰਾਂ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਮੌਕੇ ਉਹ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਕੀਨੀਆ ਵਿਚ ਭਾਰਤੀ ਮੂਲ ਦੀ ਵੱਡੀ ਗਿਣਤੀ ਅਬਾਦੀ ਰਹਿੰਦੀ ਹੈ। -ਪੀਟੀਆਈ